ਘਰ ‘ਚ ਇਕੱਲੀ ਔਰਤ ਨੂੰ ਬੰਦੀ ਬਣਾ ਕੇ ਹੋਈ ਲੁੱਟ
ਸੁਨਾਮ, 27 ਅਪ੍ਰੈਲ (ਪੰਜਾਬ ਡਾਇਰੀ)- ਸੁਨਾਮ ਦੇ ਊਧਮ ਸਿੰਘ ਵਾਲਾ ਨਗਰ ਵਿਚ ਘਰ ‘ਚ ਇਕੱਲੀ ਔਰਤ ਨੂੰ ਬੰਦੀ ਬਣਾ ਕੇ ਘਰ ਚੋਂ ਲੁਟੇਰਿਆਂ ਵੱਲੋਂ ਲੁੱਟ ਕਰਨ ਦਾ ਸਮਾਚਾਰ ਹੈ। ਹਸਪਤਾਲ ਵਿਚ ਜੇਰੇ ਇਲਾਜ ਔਰਤ ਲਕਸ਼ਮੀ ਨੇ ਦੱਸਿਆ ਕਿ ਉਹ ਘਰ ਵਿਚ ਇਕੱਲੀ ਸੀ, ਸਵੇਰੇ 9 ਵਜੇ ਦੇ ਕਰੀਬ ਦੋ ਲੁਟੇਰੇ ਉਸਦੇ ਘਰ ਵਿਚ ਵੜੇ, ਘਰ ‘ਚ ਵੜਦੇ ਸਾਰ ਲੁਟੇਰਿਆਂ ਨੇ ਉਸ ਦੇ ਮੂੰਹ ਤੇ ਕੱਪੜਾ ਬੰਨ੍ਹ ਦਿੱਤਾ ਅਤੇ ਉਸ ਨੂੰ ਕੁਰਸੀ ਤੇ ਬਿਠਾ ਕੇ ਉਸ ਦੇ ਹੱਥ ਪਿੱਛੇ ਬੰਨ੍ਹ ਦਿੱਤੇ।
ਜਿਸ ਤੋਂ ਬਾਅਦ ਇਕ ਲੁਟੇਰਾ ਉਸ ਦੇ ਅੱਗੇ ਚਾਕੂ ਲੈ ਕੇ ਬੈਠ ਗਿਆ ਅਤੇ ਦੂਸਰਾ ਘਰ ਅੰਦਰ ਫਰੋਲਾ-ਫਰਾਲੀ ਕਰਨ ਲੱਗ ਪਿਆ। ਔਰਤ ਨੇ ਦੱਸਿਆ ਕਿ ਘਰ ਅੰਦਰ ਨਗਦੀ ਪੈਸੇ ਪਏ ਸਨ ਜੋ ਉਨ੍ਹਾਂ ਕੋਲੋਂ ਲੁੱਟ ਲਏ ਗਏ, ਅਤੇ ਉਹ ਜਾਂਦੇ ਸਮੇਂ ਉਸ ਦੇ ਹੱਥ ਦਾ ਕੜਾ ਵੀ ਉਤਾਰਨ ਲੱਗੇ ਸਨ ਪਰੰਤੂ ਉਨ੍ਹਾਂ ਕੋਲੋਂ ਜਦੋਂ ਕੜਾ ਨਾਂ ਉਤਰਿਆ ਤਾਂ ਉਸਦੇ ਹੱਥ ਤੇ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਲੁਟੇਰੇ ਫਰਾਰ ਹੋ ਗਏ ਜਿਸ ਉਪਰੰਤ ਉਸ ਨੇ ਆਪਣੇ ਪਤੀ ਨੂੰ ਫੋਨ ਕੀਤਾ।
ਔਰਤ ਨੇ ਇਹ ਵੀ ਦੱਸਿਆ ਕਿ ਇਹ ਲੁਟੇਰੇ ਬੀਤੇ ਕੱਲ ਸ਼ਾਮ ਵੀ ਉਨ੍ਹਾਂ ਦੇ ਘਰ ਆਏ ਸਨ ਅਤੇ ਘਰ ਦਾ ਦਰਵਾਜ਼ਾ ਬੰਦ ਸੀ ਦਰਵਾਜਾ ਖੋਲਣ ਲਈ ਉਨ੍ਹਾਂ ਕਿਹਾ ਕਿ ਉਹ ਕੋਰੀਅਰ ਲੈ ਕੇ ਆਏ ਹਨ ਤਾਂ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਬੇਟੇ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਕੋਰੀਅਰ ਆਰਡਰ ਨਹੀਂ ਕੀਤਾ ਹੈ ਜਦੋਂ ਉਸ ਨੇ ਘਰ ਦੇ ਗੇਟ ਤੇ ਜਾ ਕੇ ਦੇਖਿਆ ਤਾਂ ਉਹ ਜਾਂ ਚੁੱਕੇ ਸਨ।
ਉਕਤ ਔਰਤ ਦੇ ਪਤੀ ਵਿਨੋਦ ਨੇ ਕਿਹਾ ਕਿ ਉਹ ਤੇ ਉਸਦਾ ਬੇਟਾ ਸਵੇਰੇ 8 ਵਜੇ ਦੇ ਕਰੀਬ ਘਰੋਂ ਚਲੇ ਗਏ ਸਨ, ਜਿਸ ਤੋਂ ਬਾਅਦ ਲੁਟੇਰਿਆਂ ਵੱਲੋਂ ਉਸ ਦੇ ਘਰ ‘ਚ ਲੁੱਟ ਕੀਤੀ ਗਈ ਹੈ, ਵਿਨੋਦ ਨੇ ਕਿਹਾ ਕਿ ਅੱਜਕਲ ਔਰਤਾਂ ਘਰਾਂ ਵਿੱਚ ਇਕੱਲਿਆਂ ਹੀ ਹੁੰਦੀਆਂ ਹਨ ਇਸ ਤਰ੍ਹਾਂ ਤਾਂ ਕੋਈ ਆਪਣੇ ਘਰ ‘ਚ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦ ਕਾਬੂ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਮਾੜੇ ਅਨਸਰਾਂ ਤੇ ਨਕੇਲ ਕਸਣ ਦੀ ਜ਼ਰੂਰਤ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਲੋਕ ਘਰਾਂ ਤੋਂ ਬਾਹਰ ਅਸੁਰੱਖਿਅਤ ਮਹਿਸੂਸ ਕਰਦੇ ਸਨ ਅਤੇ ਹੁਣ ਲੋਕ ਘਰਾਂ ਦੇ ਵਿਚ ਵੀ ਸੁਰੱਖਿਅਤ ਨਹੀਂ ਹਨ। ਇਸ ਘਟਨਾ ਦੀ ਪੁਲਿਸ ਨੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।