ਕਿਸਾਨਾਂ ਅਤੇ ਮਜ਼ਦੂਰਾਂ ਨੇ ਫਰੀਦਕੋਟ ਦੇ ਜ਼ਿਲ੍ਹਾ ਮੰਡੀ ਅਫਸਰ ਦਾ ਕੀਤਾ ਘਿਰਾਓ
ਫਰੀਦਕੋਟ, 28 ਅਪ੍ਰੈਲ (ਪੰਜਾਬ ਡਾਇਰੀ)- ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਮਜ਼ਦੂਰ ਯੂਨੀਅਨਾਂ, ਟਰੈਕਟਰ-ਟਰਾਲੀ ਅਤੇ ਟਰੱਕ ਯੂਨੀਅਨਾਂ ਵੱਲੋ ਪੰਜਾਬ ਸਰਕਾਰ ਦੇ ਕਿਸਾਨ, ਮਜ਼ਦੂਰ ਅਤੇ ਲੋਕ ਮਾਰੂ ਫੈਸਲੇ ਨੂੰ ਰੱਦ ਕਰਵਾਉਣ ਲਈ ਜ਼ਿਲ੍ਹਾ ਮੰਡੀ ਅਫਸਰਾ ਦਾ ਘਿਰਾਓ ਕਰ ਪੰਜਾਬ ਸਰਕਾਰ ਦੇ ਨਾਮ ਦਿੱਤਾ ਗਿਆ ਮੰਗ ਪੱਤਰ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ 6 ਅਪੈ੍ਲ 2023 ਨੂੰ ਇੱਕ ਚਿੱਠੀ ਜਾਰੀ ਕਰਕੇ ਸੂਬੇ ਦੇ 8 ਸਾਈਲੋ ਪਲਾਟਾਂ ਨੂੰ ਸਰਕਾਰੀ ਮੰਡੀਆਂ ਦਾ ਦਰਜਾ ਦੇ ਦਿੱਤਾ ਹੈ ਅਤੇ ਇਸ ਤਰ੍ਹਾਂ ਕਰਕੇ ਨਾਲ ਦੀ ਨਾਲ ਸਰਕਾਰੀ ਮੰਡੀਆਂ ਨੂੰ ਬੰਦ ਕਰਨ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਰਕਾਰ ਕਿਸ ਹੱਦ ਤੱਕ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਨਿਭਾਉਣ ਲਈ ਤਰਲੋ ਮੱਛੀ ਹੋ ਰਹੀ ਹੈ ਅਤੇ ਸਰਕਾਰੀ ਮੰਡੀਆਂ ਨੂੰ ਬੰਦ ਕਰਕੇ ਕਿਸਾਨਾਂ, ਮਜ਼ਦੂਰਾਂ ਅਤੇ ਇਹਨਾਂ ਸਰਕਾਰੀ ਮੰਡੀਆਂ ਵਿਚ ਕੰਮ ਕਰ ਕੇ ਆਪਣੇ ਜੀਵਨ ਦਾ ਨਿਰਬਾਹ ਕਰ ਰਹੇ ਲੋਕਾਂ ਨੂੰ ਮਾਰਨ ਦੇ ਰਾਹ ਤੁਰੀ ਹੋਈ ਹੈ ਕਿਉਕਿ ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਲੋਕ ਰੋਜ਼ਗਾਰ ਤੋਂ ਵਿਹਲੇ ਹੋ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਹੋਰ ਵੱਧਣਗੀਆਂ ਅਤੇ ਕਿਸਾਨਾਂ, ਮਜ਼ਦੂਰਾਂ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ।
ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆ ਦੱਸਿਆ ਕਿ ਸਰਕਾਰ ਵੱਲੋ ਪਿੱਛਲੇ ਸਾਲ ਮੋਗਾ ਜ਼ਿਲੇ ਦੇ ਇੱਕ ਸਾਈਲੋ ਪਲਾਟ (ਡਗਰੂ) ਨੂੰ ਸਰਕਾਰੀ ਮੰਡੀ ਬਣਾਉਣ ਨਾਲ ਹੀ ਉਸ ਇਲਾਕੇ ਦੀਆਂ 36 ਮੰਡੀਆਂ ਪ੍ਰਭਾਵਿਤ ਹੋਈਆਂ ਸਨ ਅਤੇ ਇਸ ਸਾਲ ਹੋਰ 8 ਸਾਈਲੋਜ ਦੇ ਚੱਲਣ ਨਾਲ ਘੱਟੋ-ਘੱਟ 250 ਮੰਡੀਆਂ ਬੰਦ ਹੋਣਗੀਆਂ ਅਤੇ ਜਿਸ ਦੀ ਸ਼ੁਰੂਆਤ ਸਰਕਾਰ ਵੱਲੋ ਲੋਕ ਮਾਰੂ ਨੀਤੀਆਂ ਦੇ ਚੱਲਦਿਆਂ ਕੀਤੀ ਜਾ ਚੁੱਕੀ ਹੈ ਅਤੇ ਜਿਸ ਦਾ ਸਬੂਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਾਰਕੀਟ ਕਮੇਟੀ ਧਾਰੀਵਾਲ ਅਧੀਨ ਆਉਂਦੀਆਂ ਨੌਸ਼ਹਿਰਾ ਮੱਝਾ ਸਿੰਘ ਦੀਆਂ ਮੰਡੀਆਂ,ਮੋਗਾ ਜ਼ਿਲੇ ਦੀਆਂ ਸਲੀਣਾ, ਸੱਦਾਸਿੰਘ ਵਾਲਾ,ਡਰੋਲੀ ਭਾਈ,ਸੋਸਨ, ਖੁਖਰਾਣਾ, ਦੌਲਤਪੁਰਾ ਨੀਵਾਂ ਆਦਿ ਮੰਡੀਆਂ ਬੰਦ ਹੋ ਚੁੱਕੀਆਂ ਹਨ ਅਤੇ ਹੋਰ ਵੀ ਸੈਂਕੜੇ ਆੜ੍ਹਤੀਆਂ ਉੱਤੇ ਅਧਿਕਾਰੀਆਂ ਵੱਲੋਂ ਦਬਾਅ ਬਣਾ ਕੇ ਜਿਣਸ ਸਿੱਧੀ ਸਾਇਲੋ ਪਲਾਟਾਂ ਉੱਤੇ ਹੀ ਭੇਜਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆ ਕਿਹਾ ਕਿ ਜਿਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 13 ਮਹੀਨੇ 13 ਦਿਨ ਦਿੱਲੀ ਦੇ ਬਾਰਡਰਾ ਉੱਪਰ ਕਿਸਾਨਾ ਅਤੇ ਹਰ ਇੱਕ ਵਰਗ ਵੱਲੋ ਆਪਣੀ ਹੋਂਦ ਦੀ ਲੜਾਈ ਸਮਝ ਕੇ ਅੰਦੋਲਨ ਲੜਿਆ ਗਿਆ ਸੀ ਉਹਨਾਂ ਵਿੱਚੋਂ ਹੀ ਇੱਕ ਕਨੂੰਨ ਸਰਕਾਰੀ ਮੰਡੀ ਦੇ ਬਰਾਬਰ ਬਾਹਰ ਇੱਕ ਪ੍ਰਾਈਵੇਟ ਮੰਡੀ ਸਥਾਪਤ ਕਰਨ ਦਾ ਕਾਨੂੰਨ ਸੀ ਜਿਸ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਲੁਕਵੇਂ ਢੰਗ ਨਾਲ ਲਾਗੂ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਜਦੋਂ ਸਰਕਾਰੀ ਮੰਡੀਆਂ ਹੀ ਬੰਦ ਹੋ ਜਾਣਗੀਆਂ ਤਾਂ ਕਾਰਪੋਰੇਟ ਘਰਾਣਿਆਂ ਵੱਲੋਂ ਆਪਣੀ ਮਨ ਮਰਜੀ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਲੁੱਟ ਕੀਤੀ ਜਾਵੇਗੀ ਅਤੇ ਇਹ ਸਭ ਕੁੱਝ ਕਾਰਪੋਰੇਟ ਘਰਾਣਿਆਂ ਵੱਲੋਂ ਅਨਾਜ ਨੂੰ ਆਪਣੇ ਕਬਜੇ ਵਿੱਚ ਕਰਨ ਅਤੇ ਲੋਕਾਂ ਦੇ ਰੋਟੀ ਖਾਣ ਦੇ ਅਧਿਕਾਰ ਨੂੰ ਆਪਣੇ ਕੰਟਰੋਲ ਹੇਠ ਕਰਨ ਲਈ ਕੀਤਾ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਲਈ ਹੀ ਪੰਜਾਬ ਸਰਕਾਰ ਦੇ ਇਸ ਲੋਕ ਵਿਰੋਧੀ ਕਿਸਾਨ ਮਜ਼ਦੂਰ ਵਿਰੋਧੀ ਅਤੇ ਲੋਕ ਮਾਰੂ ਫੈਸਲੇ ਨੂੰ ਰੱਦ ਕਰਵਾਉਣ ਲਈ ਅਤੇ ਪੰਜਾਬ ਸਰਕਾਰ ਉੱਤੇ ਦਬਾਅ ਬਣਾਉਣ ਲਈ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਮੋਗਾ, ਫਰੀਦਕੋਟ,ਸੰਗਰੂਰ,ਬਰਨਾਲਾ,ਪਟਿਆਲਾ,ਗੁਰਦਾਸਪੁਰ ਅਤੇ ਮਲੇਰਕੋਟਲਾ ਜ਼ਿਲ੍ਹਿਆ ਦੇ ਮੰਡੀ ਬੋਰਡ ਦੇ ਜ਼ਿਲ੍ਹਾ ਅਫਸਰਾਂ ਦੇ ਦਫ਼ਤਰਾਂ ਦਾ ਘਿਰਾਓ ਕਰਕੇ ਸਰਕਾਰ ਤੋਂ ਤੁਰੰਤ ਪ੍ਰਭਾਵ ਦੇ ਨਾਲ ਪੰਜਾਬ ਦੇ ਸਾਰੇ ਸਾਈਲੋ ਪਲਾਟਾਂ ਨੂੰ ਸਰਕਾਰੀ ਮੰਡੀਆਂ ਦਾ ਦਿੱਤਾ ਗਿਆ ਦਰਜਾ ਤੁਰੰਤ ਰੱਦ ਕਰਨ ਅਤੇ ਸਰਕਾਰੀ ਮੰਡੀਆਂ ਨੂੰ ਬਹਾਲ ਕਰਨ ਅਤੇ ਉਸ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਨਾਲ:ਪ੍ਰਧਾਨ ਪ੍ਰਵੀਨ ਪੱਪੀ, ਵਾਇਸ ਪ੍ਰਧਾਨ ਮੋਹਣ ਲਾਲ,ਗੁਰਸੇਵਕ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ,ਪ੍ਰਧਾਨ ਮੰਗਾ ਸਿੰਘ ,ਰਾਜੂ ਸਿੰਘ ਸੈਕਟਰੀ,ਅਮਨਦੀਪ ਟਿਟੂ ਟਰੱਕ ਯੂਨੀਅਨ ਪ੍ਰਧਾਨ, ਬੋਹੜ ਸਿੰਘ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਫਰੀਦਕੋਟ bku ਸਿੱਧੂਪੁਰ, ਇੰਦਰਜੀਤ ਸਿੰਘ ਘਣੀਆ ਜ਼ਿਲ੍ਹਾ ਜਨਰਲ ਸਕੱਤਰ,ਗੁਰਦਿੱਤਾ ਸਿੰਘ ਜ਼ਿਲ੍ਹਾ ਵਿੱਤ ਸਕੱਤਰ,ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ,ਸੁਖਮੰਦਰ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ ਆਦਿ ਆਗੂ ਹਾਜ਼ਰ ਸਨ।