ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਬੰਧੀ ਮੁਕਤਸਰ ਪੁਲਿਸ ਵੱਲੋਂ ਰੂਟ ਪਲਾਨ ਜਾਰੀ
ਸ਼੍ਰੀ ਮੁਕਤਸਰ ਸਾਹਿਬ, 2 ਮਈ (ਬਾਬੂਸ਼ਾਹੀ)- ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਅਰਦਾਸ ਦੇ ਪ੍ਰੋਗਰਾਮ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ. ਸ਼੍ਰੀ ਹਰਮਨਬੀਰ ਗਿੱਲ ਨੇ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਰੂਟ ਪਲਾਨ ਜਾਰੀ ਕੀਤਾ ।
ਜਿੱਥੇ ਸ਼੍ਰੀ ਵਿਨੀਤ ਕੁਮਾਰ ਨੇ ਪਾਰਕਿੰਗ, ਸੜਕੀ ਆਵਾਜਾਈ, ਸੀਵਰੇਜ਼, ਸਾਫ-ਸਫਾਈ, ਸੁਚਾਰੂ ਬਿਜਲੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਉੱਥੇ ਭੋਗ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਆਮ ਲੋਕਾਂ ਅਤੇ ਵੀ.ਵੀ.ਆਈ.ਪੀਜ਼. ਦੇ ਪਹੁੰਚਣ ਦੀ ਸੰਭਾਵਨਾਂ ਦੇ ਮੱਦੇਨਜ਼ਰ ਸ਼੍ਰੀ ਗਿੱਲ ਨੇ ਪੁਲਿਸ ਅਤੇ ਸਿਵਿਲ ਅਧਿਕਾਰੀਆਂ ਵਿੱਚ ਬਿਹਤਰ ਤਾਲਮੇਲ ’ਤੇ ਜ਼ੋਰ ਦਿੱਤਾ ।
ਜਾਰੀ ਕੀਤੇ ਗਏ ਰੂਟ ਪਲਾਨ ਮੁਤਾਬਿਕ ਬਠਿੰਡੇ ਵਾਲੇ ਪਾਸਿਓਂ ਆਉਣ ਵਾਲੇ ਲੋਕਾਂ ਲਈ ਬਾਦਲ ਪਿੰਡ ਤੋਂ ਪਹਿਲਾਂ ਖੱਬੇ ਅਤੇ ਸੱਜੇ ਹੱਥ ਖਾਲੀ ਖੇਤਾਂ ਵਿੱਚ (60 ਏਕੜ) ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ, ਜਿੱਥੇ ਗੱਡੀਆਂ ਖੜੀਆਂ ਕਰ ਕੇ ਲੋਕ ਲੰਗਰ ਵਾਲੀ ਜਗ੍ਹਾ ਦੇ ਨਾਲ ਦੀ ਹੁੰਦੇ ਹੋਏ ਪੰਡਾਲ ਵਿੱਚ ਪਹੁੰਚ ਸਕਦੇ ਹਨ ।
ਇਸੇ ਤਰ੍ਹਾਂ ਲੰਬੀ, ਖਿਓਵਾਲੀ ਅਤੇ ਮਹਿਣਾਂ ਵਾਲੇ ਪਾਸਿਓੁਂ ਆਉਣ ਵਾਲੇ ਵਾਹਨ ਸਰਕਾਰੀ ਪਸ਼ੂ ਹਸਪਤਾਲ, ਜੀ.ਜੀ.ਐਸ. ਸਟੇਡੀਅਮ ਹੁੰਦੇ ਹੋਏ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਦੇ ਪਿਛਲੇ ਪਾਸੇ ਪਹੁੰਚ ਕੇ ਮਿੱਠੜੀ ਰੋਡ ’ਤੇ ਬਣੀ ਪਾਰਕਿੰਗ ਵਿੱਚ ਗੱਡੀ ਖੜ੍ਹੀ ਕਰ ਕੇ ਲੰਗਰ ਵਾਲੀ ਜਗ੍ਹਾ ਦੇ ਨਾਲ ਦੀ ਹੁੰਦੇ ਹੋਏ ਮੁੱਖ ਪੰਡਾਲ ਵਿੱਚ ਪਹੁੰਚ ਸਕਦੇ ਹਨ। ਇਸੇ ਤਰ੍ਹਾਂ ਸਿੰਘੇਵਾਲਾ ਤੋਂ ਆਉਣ ਵਾਲੀਆਂ ਗੱਡੀਆਂ ਮਿੱਠੜੀ ਰੋਡ ਪਾਰਕਿੰਗ ਤੱਕ ਪਹੁੰਚ ਸਕਦੀਆਂ ਹਨ।