BREAKING NEWS- ਵਿਜੀਲੈਂਸ ਜਾਂਚ ਦੇ ਨਾਲ-ਨਾਲ ਸਿੱਖਿਆ ਵਿਭਾਗ ਵੀ ਟੀਚਿੰਗ ਫੈਲੋਜ ਦੀ ਭਰਤੀ ਨਾਲ ਸਬੰਧਤ ਕਰ ਰਿਹੈ ਵੇਰਵੇ ਇਕੱਠੇ
ਗੁਰਦਾਸਪੁਰ 2 ਮਈ (ਬਾਬੂਸ਼ਾਹੀ)- ‘ਟੀਚਿੰਗ ਫ਼ੈਲੋਜ਼’ ਭਰਤੀ ਘੋਟਾਲੇ ਬਾਰੇ ਸਿੱਖਿਆ ਵਿਭਾਗ ਨੇ ਆਪਣੇ ਤੌਰ ਤੇ ਵੀ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਬਾਰੇ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਵੱਲੋਂ ਸਿੱਖਿਆ ਦਫ਼ਤਰ ਸਕੈਂਡਰੀ ਨੂੰ ਇਕ ਪੱਤਰ ਲਿਖਕੇ ਵਿਭਾਗ ਦੇ 31 ਕਰਮਚਾਰੀਆਂ ਨੂੰ 28 ਅਪ੍ਰੈਲ ਨੂੰ ਆਪਣੇ ਬਿਆਨ ਕਲਮਬੱਧ ਕਰਵਾਉਣ ਲਈ ਬੁਲਾਇਆ ਗਿਆ ਸੀ ਜਿਨ੍ਹਾਂ ਵਿਚੋਂ ਕੁਝ ਤਾਂ 28 ਅਪ੍ਰੈਲ ਨੂੰ ਸਿੱਖਿਆ ਵਿਭਾਗ ਦੇ ਦਫ਼ਤਰ ਆ ਕੇ ਆਪਣੇ ਬਿਆਨ ਦੇ ਗਏ ਹਨ, ਪਰ ਬਾਕੀ ਰਹਿੰਦੇ ਸਬੰਧਤ ਕਰਮਚਾਰੀਆਂ ਨੂੰ ਅੱਜ 2 ਮਈ ਨੂੰ ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ, ਪਰ ਅਧਿਕਾਰੀ ਵਿਭਾਗੀ ਮਾਮਲੇ ਦਾ ਜਾਮਾ ਪਹਿਨਾ ਕੇ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਕਤਰਾ ਰਹੇ ਹਨ।
ਦੱਸ ਦਈਏ ਕਿ 2007 ਵਿਚ ਸ਼ੁਰੂ ਹੋਈ ਟੀਚਿੰਗ ਫ਼ੈਲੋਜ਼ ਦੀ ਭਰਤੀ ਪ੍ਰਕਿਰਿਆ ਵਿਚ ਗੋਲਮਾਲ ਤੋਂ ਬਾਅਦ 2010 ਵਿੱਚ ਸਿੱਖਿਆ ਵਿਭਾਗ ਵੱਲੋਂ ਬਹੁਤ ਸਾਰੇ ਟੀਚਿੰਗ ਫੈਲੋਜ਼ ਨੌਕਰੀ ਤੋਂ ਬਰਖਾਸਤ ਕਰ ਦਿੱਤੇ ਗਏ ਸਨ ਅਤੇ ਬਾਅਦ ਵਿਚ ਇਸ ਦੀ ਇੱਕ ਐਫ ਆਈ ਆਰ ਵੀ ਲਗਭਗ ਨੌਂ ਸਾਲ ਬਾਅਦ 14 ਜਨਵਰੀ 2019 ਵਿਚ ਵਿਜੀਲੈਂਸ ਵੱਲੋਂ ਦਰਜ ਕੀਤੀ ਗਈ ਸੀ ਜਿਸ ਦੀ ਤਫਤੀਸ਼ ਦੇ ਚਲਦਿਆਂ 12 ਅਪ੍ਰੈਲ ਨੂੰ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ 8 ਕਰਮਚਾਰੀਆਂ ਨੂੰ ਵਿਜੀਲੈਂਸ ਦੇ ਦਫ਼ਤਰ ਮੁਹਾਲੀ ਵਿਖੇ ਤਲਬ ਕੀਤਾ ਗਿਆ ਸੀ।
ਹੁਣ 25 ਅਪ੍ਰੈਲ ਨੂੰ ਜ਼ਿਲਾ ਸਿੱਖਿਆ ਅਫਸਰ (ਐਲੀ) ਵੱਲੋਂ ਇਕ ਪੱਤਰ ਜਾਰੀ ਕਰਕੇ ਟੀਚਿੰਗ ਫੈਲੋਜ਼ ਦੀ ਭਰਤੀ ਸਮੇਂ ਵੱਖ-ਵੱਖ ਸਮਿਆਂ ਦੌਰਾਨ ਸਿਲੈਕਸ਼ਨ ਕਮੇਟੀ ਵਿੱਚ ਸ਼ਾਮਲ ਰਹੇ 31 ਮਾਸਟਰ ਅਤੇ ਲੈਕਚਰਾਰ ਕੈਂਡਰ ਦੇ ਕਰਮਚਾਰੀਆਂ ਨੂੰ 28 ਅਪ੍ਰੈਲ ਨੂੰ ਦਫ਼ਤਰ ਵਿਖੇ ਹਾਜ਼ਰ ਹੋਣ ਲਈ ਥੁਲਾਇਆ ਗਿਆ। ਜਦੋਂ ਇਸ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਸਿੱਖਿਆ ਵਿਭਾਗ ਵੱਲੋਂ ਆਪਣੇ ਤੌਰ ਤੇ ਕੀਤੀ ਗਈ ਹੈ। ਇਨਾ 31 ਕਰਮਚਾਰੀਆਂ ਦਾ ਵਿਜੀਲੈਂਸ ਵੱਲੋਂ ਚੱਲ ਰਹੀ ਜਾਂਚ ਨਾਲ ਕੋਈ ਸਬੰਧ ਨਹੀਂ ਹੈ। ਵਿਭਾਗ ਆਪਣੇ ਤੌਰ ਤੇ ਇਨ੍ਹਾਂ ਦੇ ਵੇਰਵੇ ਇਕੱਠੇ ਕਰ ਰਿਹਾ ਹੈ।
ਇਨ੍ਹਾਂ ਦੇ ਬਿਆਨ ਕਲਮਬੱਧ ਕਰਕੇ ਸਰਕਾਰ ਨੂੰ ਭੇਜੇ ਜਾਣਗੇ ਪਰ ਉਨ੍ਹਾਂ ਵੱਲੋਂ ਇਸਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਨ੍ਹਾਂ ਦੇ ਕਿਸ ਤਰ੍ਹਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ। ਜਦੋਂ ਜ਼ਿਲਾ ਸਿੱਖਿਆ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਕੋਲੋਂ ਇਹ ਪੁੱਛਿਆ ਗਿਆ ਕਿ 28 ਅਪ੍ਰੈਲ ਅਤੇ 31 ਵਿੱਚੋਂ ਕਿੰਨੇ ਕਰਮਚਾਰੀ ਦਫ਼ਤਰ ਹਾਜ਼ਰ ਹੋਏ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਵੇਰਵਾ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਖਵਿੰਦਰ ਸਿੰਘ ਕੋਲ ਹੈ।ਇਸ ਬਾਰੇ ਵਧੇਰੀ ਜਾਣਕਾਰੀ ਲੈਣ ਲਈ ਉਪ ਜ਼ਿਲਾ ਸਿੱਖਿਆ ਅਧਿਕਾਰੀ ਲਖਵਿੰਦਰ ਸਿੰਘ ਨੂੰ ਬਾਰ ਬਾਰ ਫੋਨ ਕੀਤੇ ਗਏ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਫ਼ ਨਾ ਸਮਝਿਆ। ਇੱਥੇ ਇਹ ਵੀ ਦੱਸ ਦੇਈਏ ਕਿ ਵਿਭਾਗ ਵਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੁੰਬਲੀ ਨਾਲ ਸਬੰਧਤ ਇਕ ਜਾਂਚ ਵੀ ਜ਼ਿਲਾ ਸਿੱਖਿਆ ਅਧਿਕਾਰੀ ਲਖਵਿੰਦਰ ਸਿੰਘ ਨੂੰ ਸੌਂਪੀ ਗਈ ਸੀ, ਪਰ ਉਹ ਇਸ ਮਾਮਲੇ ਤੇ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹਨ।