ਟਰਾਂਸਪੋਰਟ ਵਿਭਾਗ ਨੇ ਲਿਆ ਵੱਡਾ ਫ਼ੈਸਲਾ, RTO/ RTA ਦੀਆਂ 27 ਅਸਾਮੀਆਂ ਬਹਾਲ, 7 ਪੋਸਟਾਂ ਘਟਾਈਆਂ
ਮੁਹਾਲੀ , 3 ਮਈ (ਪੰਜਾਬੀ ਜਾਗਰਣ)- ਟਰਾਂਸਪੋਰਟ ਵਿਭਾਗ ਨੇ ਵੱਡਾ ਫ਼ੈਸਲਾ ਲੈਂਦਿਆਂ ਸਾਲ 2017 ਤੋਂ ਪਹਿਲਾਂ ਵਾਂਗ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (DTO) ਦੀਆਂ ਪੋਸਟਾਂ ਬਹਾਲ ਕਰ ਦਿੱਤੀਆਂ ਹਨ। ਨਵੇਂ ਹੁਕਮਾਂ ਮਗਰੋਂ ਇਨ੍ਹਾਂ ਅਸਾਮੀਆਂ ਦਾ ਨਾਂ ਰੀਜਨਲ ਟਰਾਂਸਪੋਰਟ ਅਫ਼ਸਰ (RTO) ਰੱਖ ਦਿੱਤਾ ਗਿਆ ਹੈ। ਇਨ੍ਹਾਂ ਹੁਕਮਾਂ ਬਾਰੇ ਪੰਜਾਬ ਟਰਾਂਸਪੋਰਟ ਵਿਭਾਗ ਦੀ ਸ਼ਾਖਾ 3 ਨੇ ਪੱਤਰ ਜਾਰੀ ਕਰ ਕੇ ਵਿਸਥਾਰਤ ਵੇਰਵੇ ਪੇਸ਼ ਕੀਤੇ ਹਨ।
ਕਿਹਾ ਹੈ ਕਿ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਅਦਾਰਾ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੀ ਮੁੜ ਬਣਤਰ ਬਣਾਈ ਹੈ। ਅਹੁਦਿਆਂ ਦੀ ਬਣਤਰ ’ਚ ਤਬਦੀਲੀ ਉਪਰੰਤ ਆਰਟੀਓ ਤੇ ਆਰਟੀਏ ਦੀਆਂ ਅਸਾਮੀਆਂ ਨੂੰ ਸਾਰੇ ਜ਼ਿਲ੍ਹਿਆਂ ’ਚ ਅਲਾਟ ਵੀ ਕਰ ਦਿੱਤਾ ਹੈ। ਫੇਰਬਦਲ ਤੋਂ ਬਾਅਦ ਵਿਭਾਗ ਨੇ ਪੰਜਾਬ ’ਚ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਦੀਆਂ ਅਸਾਮੀਆਂ 11 ਤੋਂ ਘਟਾ ਕੇ 4 ਕਰ ਦਿੱਤੀਆਂ ਹਨ।
ਹੁਕਮਾਂ ਅਨੁਸਾਰ ਆਰਟੀਏ ਦੀ ਪੋਸਟ ਹੁਣ ਪੰਜਾਬ ’ਚ ਪਟਿਆਲਾ, ਬਠਿੰਡਾ, ਜਲੰਧਰ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚ ਹੀ ਰਹਿ ਜਾਵੇਗੀ। ਤਾਜ਼ਾ ਹੁਕਮਾਂ ਮਗਰੋਂ ਪੰਜਾਬ ਦੇ 23 ਵਿਚੋਂ 8 ਹੁਸ਼ਿਆਰਪੁਰ, ਸੰਗਰੂਰ, ਫ਼ਿਰੋਜ਼ਪੁਰ, ਗੁਰਦਾਸਪੁਰ, ਐੱਸਏਐੱਸ ਨਗਰ, ਕਪੂਰਥਲਾ, ਬਰਨਾਲਾ ਤੇ ਤਰਨਤਾਰਨ ਵਿਖੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਤਾਇਨਾਤ ਰਹਿਣਗੇ। ਇਸੇ ਤਰ੍ਹਾਂ ਪੰਦਰਾਂ ਜ਼ਿਲ੍ਹਿਆਂ ਅੰਮ੍ਰਿਤਸਰ, ਫਰੀਦਕੋਟ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ-ਫ਼ਤਿਹਗੜ੍ਹ ਸਾਹਿਬ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਫਾਜ਼ਲਿਕਾ, ਮਲੇਰਕੋਟਲਾ, ਪਠਾਨਕੋਟ, ਮੋਗਾ, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੀਸੀਐੱਸ ਅਫ਼ਸਰ ਆਰਟੀਓ ਵਜੋਂ ਤਾਇਨਾਤ ਰਹਿਣਗੇ। ਦੱਸਣਾ ਬਣਦਾ ਹੈ ਕਿ ਪੰਜਾਬ ’ਚ ਸਾਲ 2017 ’ਚ ਕਾਂਗਰਸ ਸਰਕਾਰ ਨੇ ਆਪਣੀ ਸੱਤਾ ਦੇ ਸ਼ੁਰੂਆਤੀ ਦੌਰ ’ਚ ਹੀ ਪੰਜਾਬ ’ਚ ਡੀਟੀਓ ਦੀਆਂ ਅਸਾਮੀਆਂ ਖ਼ਤਮ ਕਰ ਕੇ 11 ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਦਿੱਤੇ ਸਨ। ਹਰੇਕ ਆਰਟੀਏ ਕੋਲ ਪੰਜਾਬ ਦੇ 2 ਜ਼ਿਲ੍ਹਿਆਂ ਦਾ ਕੰਮ ਆਉਂਦਾ ਸੀ ਜੋ ਵਪਾਰਕ ਵਾਹਨਾਂ ਦਾ ਕੰਮ ਦੇਖਦੇ ਸਨ ਜਦਕਿ ਘਰੇਲੂ ਵਾਹਨਾਂ ਦਾ ਕੰਮ ਐੱਸਡੀਐੱਮ ਦੇਖਦੇ ਸਨ। ਹਾਲਾਂਕਿ ਹਾਲੇ ਇਹ ਫ਼ੈਸਲਾ ਨਹੀਂ ਹੋਇਆ ਕਿ ਟਰਾਂਸਪੋਰਟ ਦਾ ਜਿਹੜਾ ਕੰਮ ਐੱਸਡੀਐੱਮਜ਼ ਨੂੰ ਦਿੱਤਾ ਗਿਆ ਹੈ ਉਹ ਕੌਣ ਕਰੇਗਾ? ਪਰ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਸਾਰਾ ਕੰਮ ਟਰਾਂਸਪੋਰਟ ਵਿਭਾਗ ਆਪ ਕਰੇਗਾ।