ਪੰਜਾਬ ਸਟੂਡੈਂਟਸ ਯੂਨੀਅਨ ਨੇ ਜਿਨਸੀ ਸ਼ੋਸਣ ਖਿਲਾਫ ਪ੍ਰਦਰਸ਼ਨ ਕਰ ਰਹੀਆ ਪਹਿਲਵਾਨ ਕੁੜੀਆਂ ਦੇ ਹੱਕ ਚ ਕੀਤਾ ਪ੍ਰਦਰਸ਼ਨ
ਫਰੀਦਕੋਟ, 5 ਮਈ (ਪੰਜਾਬ ਡਾਇਰੀ)- ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਦਿੱਲੀ ਜੰਤਰ ਮੰਤਰ ਵਿਚ ਜਿਨਸੀ ਸ਼ੋਸਣ ਖਿਲਾਫ ਪ੍ਰਦਰਸ਼ਨ ਉਪਰ ਬੈਠੀਆ ਪਹਿਲਵਾਨ ਕੁੜੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਦੇ ਵਿਦਿਆਰਥੀ ਆਗੂ ਸੁਖਪ੍ਰੀਤ ਸਿੰਘ ਮੋੜ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਦਿੰਦੀ ਹੈ ਉਸ ਸਰਕਾਰ ਦੇ ਮੰਤਰੀ ਵਿਧਇਕ ਹੀ ਦੇਸ਼ ਦੀਆਂ ਬੇਟੀਆਂ ਲਈ ਖਤਰਾ ਬਣੇ ਹੋਏ ਹਨ । ਭਾਰਤ ਲਈ ਤਗ਼ਮੇ ਜਿੱਤ ਕੇ ਆਈਆਂ ਪਹਿਲਵਾਨ ਕੁੜੀਆਂ ਨੂੰ ਪਹਿਲਾਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖ਼ਿਲਾਫ਼ ਪਰਚਾ ਦਰਜ਼ ਕਰਵਾਉਣ ਅਤੇ ਪੀੜਤਾਂ ਦੇ ਬਿਆਨ ਦਰਜ ਕਰਵਾਉਣ ਲਈ ਧਰਨੇ ਤੇ ਬੈਠਣਾ ਪਿਆ । ਪਰ ਪਰਚਾ ਦਰਜ ਹੋਣ ਦੇ ਬਾਅਦ ਵੀ ਹਾਲੇ ਤੱਕ ਦੋਸ਼ੀ ਬੀ ਜੇ ਪੀ ਦੇ ਵਿਧਇਕ ਬ੍ਰਿਜ ਭੂਸ਼ਨ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ ਔਰ ਨਾ ਹੀ ਐਫ ਆਈ ਆਰ ਨੂੰ ਜਨਤਕ ਕੀਤਾ ਜਾ ਰਿਹਾ ਹੈ । ਸ਼ਿਕਾਇਤ ਕਰਤਾ ਸੱਤ ਮਹਿਲਾ ਪਹਿਲਵਾਨ ਜਿਨ੍ਹਾਂ ਚ ਇੱਕ ਨਾਬਾਲਿਗ ਵੀ ਹੈ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਦਿੱਲੀ ਪੁਲੀਸ ਵੱਲੋਂ ਓਹਨਾਂ ਨਾਲ ਪਿੱਛਲੇ ਦਿਨੀਂ ਧੱਕਾ ਮੁੱਕੀ ਕੀਤੀ ਗਈ ਹੈ ਅਤੇ ਲਗਾਤਾਰ ਪ੍ਰਦਰਸ਼ਨ ਖ਼ਤਮ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ ਜੇ ਪੀ ਦਾ ਵਿਧਇਕ ਖ਼ਿਲਾਫ਼ ਪਹਿਲਾ ਵੀ ਕਈ ਮੁਕਦਮੇ ਦਰਜ ਹਨ ਜਿਨ੍ਹਾਂ ਚ ਕਤਲ ਕੇਸ ਵੀ ਸ਼ਾਮਿਲ ਹੈ ।
ਵਿਦਿਆਰਥੀ ਆਗੂ ਜਸਨੀਤ ਸਿੰਘ ਅਤੇ ਸੁਖਬੀਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪਹਿਲਵਾਨ ਕੁੜੀਆਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਇਸ ਮਾਮਲੇ ਤੇ ਸੰਘਰਸ਼ ਨੂੰ ਤੇਜ਼ ਕਰੇਗੀ। ਇਸ ਮੌਕੇ ਕਾਲਜ਼ ਕਮੇਟੀ ਮੈਂਬਰ ਅੰਮ੍ਰਿਤ, ਦਲੀਪ, ਜਗਦੀਪ ਸਿੰਘ, ਰਮਨਦੀਪ ਕੌਰ ਹਾਜ਼ਰ ਸਨ।