ਸ਼ਿਵ ਕੁਮਾਰ ਬਟਾਲਵੀ ਦਾ ਬੁੱਤ ਲਗਾਉਣ ’ਤੇ ਪਤਨੀ ਤੇ ਪੁੱਤਰ ਨੇ ਕੀਤਾ ਵਿਧਾਇਕ ਤੇ DC ਦਾ ਧੰਨਵਾਦ
ਗੁਰਦਾਸਪੁਰ , 9 ਮਈ (ਬਾਬੂਸ਼ਾਹੀ)- ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਜੀ ਦੀ 6 ਮਈ ਨੂੰ ਮਨਾਈ ਗਈ 50ਵੀਂ ਬਰਸੀ ਮੌਕੇ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ, ਬਟਾਲਾ ਦੇ ਐਂਟਰੀ ਗੇਟ ਦੇ ਨਜ਼ਦੀਕ ਸ਼ਿਵ ਬਟਾਲਵੀ ਦਾ ਆਦਮ ਕੱਦ ਬੁੱਤ ਲਗਾਉਣ ’ਤੇ ਸ਼ਿਵ ਬਟਾਲਵੀ ਦੀ ਧਰਮ ਪਤਨੀ ਸ੍ਰੀਮਤੀ ਅਰੁਣਾ ਬਟਾਲਵੀ ਅਤੇ ਪੁੱਤਰ ਮਿਹਰਬਾਨ ਵਲੋਂ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਭਰਵੀਂ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਹੈ।
ਸਰੀ (ਕੇਨੈਡਾ) ਤੋਂ ਫੋਨ ਰਾਹੀਂ ਸ਼ਿਵ ਕੁਮਾਰ ਬਟਾਲਵੀ ਦੇ ਪੁੱਤਰ ਮਿਹਰਬਾਨ ਨੇ ਗੱਲ ਕਰਦਿਆਂ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਉਨਾਂ ਦੇ ਪਿਤਾ ਜੀ ਦੀ ਯਾਦ ਵਿੱਚ ਆਦਮ ਕੱਦ ਬੁੱਤ ਲਗਾਇਆ ਹੈ, ਜਿਸ ਨਾਲ ਉਨਾਂ ਨੂੰ ਬਹੁਤ ਖੁਸ਼ੀ ਹੋਈ ਹੈ।
ਮਿਹਰਬਾਨ ਨੇ ਦੱਸਿਆ ਕਿ ਉਨਾਂ ਦੀ ਮਾਤਾ ਜੀ ਅਰੁਣਾ ਬਟਾਲਵੀ ਦੀ ਦਿਲੀ ਤਮੰਨਾ ਸੀ ਕਿ ਉਨਾਂ ਦੇ ਪਤੀ ਦਾ ਬਟਾਲਾ ਸ਼ਹਿਰ ਵਿਖੇ ਬੁੱਤ ਲਗਾਇਆ ਜਾਵੇ, ਜਿਸ ਨੂੰ ਵਿਧਾਇਕ ਬਟਾਲਾ ਸ਼ਰੈੀ ਕਲਸੀ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੂਰਾ ਕੀਤਾ ਹੈ, ਜਿਸ ਲਈ ਉਹ ਪਰਿਵਾਰ ਤਰਫੋਂ ਧੰਨਵਾਦ ਕਰਦੇ ਹਨ।
ਦੱਸਣਯੋਗ ਹੈ ਕਿ 6 ਮਈ ਨੂੰ ਸ਼ਿਵ ਬਟਾਲਵੀ ਦੇ ਬੁੱਤ ਲਗਾਉਣ ਦੇ ਉਦਘਾਟਨ ਸਮਾਰੋਹ ਵਿੱਚ ਪੰਜਾਬ ਦੇ ਨਾਮਵਰ ਕਵੀ ਪਦਮ ਸ੍ਰੀ ਸੁਰਜੀਤ ਪਾਤਰ, ਚੇਅਰਮੈਨ ਪੰਜਾਬ ਆਰਟਸ ਕੌਂਸਲ ਅਤੇ ਪ੍ਰਸਿੱਧ ਕਵੀ ਪ੍ਰੋਫੈਸਰ ਗੁਰਭਜਨ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਪਹੁੰਚੇ ਸਨ ਅਤੇ ਉਨਾਂ ਵਲੋਂ ਵੀ ਵਿਧਾਇਕ ਸ਼ੈਰੀ ਕਲਸੀ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਕੀਤੇ ਉਪਰਾਲੇ ਦੀ ਸਰਾਹਨਾ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਜ਼ਿਲਾ ਗੁਰਦਾਸਪੁਰ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਤੇ ਪ੍ਰਫੁੱਲਤ ਕਰਨ ਲਈ ਖਾਸ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ 20 ਜਨਵਰੀ ਨੂੰ ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਦਾ ‘ਵਿਰਸਾ ਗੁਰਦਾਸਪੁਰ ਕੈਲੰਡਰ’ ਜਾਰੀ ਕੀਤਾ ਗਿਆ। 25 ਜਨਵਰੀ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਬਟਾਲਾ ਵਿਖੇ ‘ਪਹਿਲਾ ਜ਼ਿਲ੍ਹਾ ਪੱਧਰੀ ਕਵੀ ਸੰਮੇਲਨ’ ਕਰਵਾਇਆ ਗਿਆ। 11 ਫਰਵਰੀ ਨੂੰ ‘ਵਿਰਸਾ ਉਤਸ਼ਵ’ ਗੁਰਦਾਸਪੁਰ ਵਿਖੇ ਮਨਾਇਆ ਗਿਆ। ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ 13 ਅਪ੍ਰੈਲ ਨੂੰ ਬਟਾਲਾ ਵਿਖੇ ‘ਰੰਗਲਾ ਪ੍ਰੋਗਰਾਮ’ ਕਰਵਾਇਆ ਗਿਆ ਅਤੇ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਜੀ ਦੀ 50 ਬਰਸੀ ਨੂੰ ਸਮਰਪਤਿ ਜ਼ਿਲ੍ਹਾ ਪੱਧਰੀ ਸਮਾਗਮ ਬਟਾਲਾ ਵਿਖੇ ਕਰਵਾਇਆ ਗਿਆ।