ਭ੍ਰਿਸ਼ਟਾਚਾਰ ਮਾਮਲੇ ‘ਚ ਫਸੇ ਵਿਧਾਇਕ ਅਮਿਤ ਰਤਨ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ‘ਤੇ ਸੁਣਵਾਈ 18 ਮਈ ਤਕ ਮੁਲਤਵੀ
ਚੰਡੀਗੜ੍ਹ, 9 ਮਈ (ਪੰਜਾਬੀ ਜਾਗਰਣ)- ਇਕ ਸਰਪੰਚ ਤੋਂ ਰਿਸ਼ਵਤ ਲੈਣ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਬਠਿੰਡਾ ਦਿਹਾਤ ਦੇ ਵਿਧਾਇਕ ਅਮਿਤ ਰਤਨ ਨੂੰ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਉਨ੍ਹਾਂ ਦੀ ਰੈਗੂਲਰ ਜ਼ਮਾਨਤ ‘ਤੇ ਮੰਗਲਵਾਰ ਨੂੰ ਹੋਈ ਸੰਖੇਪ ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਅਮਿਤ ਰਤਨ ਨੂੰ ਬਿਨਾਂ ਕਿਸੇ ਰਾਹਤ ਦਿੱਤੇ ਸੁਣਵਾਈ 18 ਮਈ ਤਕ ਮੁਲਤਵੀ ਕਰ ਦਿੱਤੀ ਹੈ। ਅਮਿਤ ਰਤਨ ਨੂੰ ਪੰਜਾਬ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਵਿਧਾਇਕ ‘ਤੇ ਸਰਪੰਚ ਤੋਂ 4 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ।
ਮਹਿਲਾ ਸਰਪੰਚ ਦੇ ਪਤੀ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਵਿਜੀਲੈਂਸ ਨੇ ਜਾਲ ਵਿਛਾ ਕੇ ਉਸ ਦੇ ਕਰੀਬੀ ਦੋਸਤ ਨੂੰ ਸਰਕਟ ਹਾਊਸ ਬਠਿੰਡਾ ਦੀ ਪਾਰਕਿੰਗ ਤੋਂ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਬਾਅਦ ਵਿਚ ਇਸ ਮਾਮਲੇ ‘ਚ ਅਮਿਤ ਰਤਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਬਠਿੰਡਾ ਅਦਾਲਤ ਨੇ 11 ਅਪ੍ਰੈਲ ਨੂੰ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਅਮਿਤ ਰਤਨ ਨੇ ਹਾਈ ਕੋਰਟ ਨੂੰ ਜ਼ਮਾਨਤ ਦੀ ਅਪੀਲ ਕੀਤੀ ਸੀ।