ਰਾਸ਼ਟਰੀ ਡੇਂਗੂ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ
ਫਰੀਦਕੋਟ, 16 ਮਈ (ਪੰਜਾਬ ਡਾਇਰੀ)- ਸਿਵਲ ਸਰਜਨ ਫਰੀਦਕੋਟ ਡਾਕਟਰ ਅਨਿਲ ਗੋਇਲ ਅਤੇ ਐਪੀਡੀਮੌਲੋਜਿਸਟ ਡਾ ਹਿਮਾਂਸ਼ੂ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਬਾਜਾਖਾਨਾ ਡਾ ਹਰਿੰਦਰ ਗਾਂਧੀ ਦੀ ਅਗਵਾਈ ਵਿੱਚ ਸੀ ਐਚ ਸੀ ਬਾਜਾਖਾਨਾ ਵਿਖੇ ਰਾਸ਼ਟਰੀ ਡੇਂਗੂ ਦਿਵਸ ਮੌਕੇ ਬਲਾਕ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾਂ, ਬੀਈਈ ਸੁਧੀਰ ਧੀਰ ਤੇ ਫਲੈਗ ਚਾਵਲਾ ਨੇ ਦੱਸਿਆ ਕਿ ਡੇਂਗੂ ਨੂੰ ਫੈਲਾਉਣ ਵਾਲਾ ਮੱਛਰ ਸਾਫ ਖੜੇ ਪਾਣੀ ਤੇ ਅੰਡੇ ਦਿੰਦਾ ਹੈ ਜੋ ਕਿ ਹਫਤੇ ਦੇ ਵਿੱਚ ਵਿੱਚ ਅੰਡੇ ਤੋਂ ਲਾਰਵਾ, ਪਿਉਪਾ ਅਤੇ ਪੂਰਾ ਮੱਛਰ ਬਣ ਕੇ ਉਡ ਜਾਂਦਾ ਹੈ। ਕੋਸ਼ਿਸ਼ ਕਰੀਏ ਕਿ ਇਸ ਸਰਕਲ ਨੂੰ ਤੋੜ ਕੇ ਮੱਛਰ ਪੈਦਾ ਹੀ ਨਾ ਹੋਣ ਦਿੱਤਾ ਜਾਵੇ। ਭਾਵ ਕਿ ਕੂਲਰ ਦਾ ਪਾਣੀ ਹਫਤੇ ਚ ਘਟੋ ਘੱਟ ਇਕ ਬਾਰ ਖ਼ਾਲੀ ਕਰਕੇ ਸੁਕਾ ਦਿਓ, ਫਰਿੱਜ ਦੀ ਬਾਹਰਲੀ ਟਰੇਅ ਖ਼ਾਲੀ ਰੱਖੀ ਜਾਵੇ, ਪਾਣੀ ਵਾਲੀਆਂ ਟੈਂਕੀਆਂ ਅਤੇ ਹੋਰ ਬਰਤਨ ਚੰਗੀ ਤਰਾਂ ਢਕ ਕੇ ਰੱਖੇ ਜਾਣ। ਛੱਤ ਤੇ ਪਏ ਕਬਾੜ, ਟਾਇਰਾਂ ਵਗੈਰਾ ਚ ਪਾਣੀ ਨਾ ਖੜਨ ਦਿੱਤਾ ਜਾਵੇ। ਜਾਨਵਰਾਂ ਦੇ ਪਾਣੀ ਪੀਣ ਵਾਲੇ ਕੂੰਡੇ, ਡਿੱਗ, ਹੌਦੀਆਂ ਆਦਿ ਸਾਫ ਕਰਕੇ ਸੁਕਾ ਕੇ ਹੀ ਭਰੇ ਜਾਣ। ਆਲੇ ਦੁਆਲੇ ਖੜਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਜਾਂ ਉਸ ਉਪਰ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ । ਪੂਰਾ ਸਰੀਰ ਢਕਣ ਵਾਲੇ ਕੱਪੜੇ ਪਹਿਨੇ ਜਾਣ, ਮੱਛਰ ਭਜਾਊ ਕਰੀਮ, ਤੇਲ, ਸਪਰੇਅ ਆਦਿ ਵਰਤੇ ਜਾਣ। ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਫਿਰ ਵੀ ਬੁਖਾਰ ਹੋਣ ਦੀ ਹਾਲਤ ਵਿੱਚ ਨੇੜੇ ਦੀ ਸਰਕਾਰੀ ਸੰਸਥਾ ਚ ਸੰਪਰਕ ਕੀਤਾ ਜਾਵੇ। ਕੋਈ ਵੀ ਬੁਖਾਰ ਡੇਂਗੂ, ਮਲੇਰੀਆ ਹੋ ਸਕਦਾ ਹੈ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਚ ਇਸਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਡੇਂਗੂ ਦਾ ਮੁਫ਼ਤ ਟੈਸਟ ਫਰੀਦਕੋਟ, ਕੋਟਕਪੂਰਾ, ਜੈਤੋ ਦੇ ਸਰਕਾਰੀ ਹਸਪਤਾਲਾਂ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹੁੰਦਾ ਉਨਾਂ ਕਿਹਾ ਕਿ ਹੈਲਥ ਵਰਕਰਜ਼ ਦੀ ਟੀਮ ਵੱਲੋ ਹਰ ਸ਼ੁੱਕਰਵਾਰ ਨੂੰ ‘ਫਰਾਈਡੇ ਇਜ਼ ਡ੍ਰਾਈਡੇ‘ ਦੇ ਨਾਲ ਸਬੰਧਿਤ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਉਪਰੋਕਤ ਗੱਲਾਂ ਦਾ ਧਿਆਨ ਰੱਖਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਹੀ ਅਸੀਂ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਇਸ ਮੌਕੇ ਜਿਲਾ ਕਮਿਊਨੀਟੀ ਮੋਬਲਾਈਜਰ ਸੰਦੀਪ ਕੁਮਾਰ ਅਤੇ ਸਮੂਹ ਆਸ਼ਾ ਵਰਕਰਜ ਹਾਜਰ ਸਨ।