ਸਪੀਕਰ ਸੰਧਵਾਂ ਨੇ ਨਸ਼ੇ ਦੀ ਭੇਂਟ ਚੜੇ ਨੌਜਵਾਨ ਦੀ ਮਾਤਾ ਅਤੇ ਪਤਨੀ ਨਾਲ ਕੀਤਾ ਦੁੱਖ ਸਾਂਝਾ!
ਫ਼ਰੀਦਕੋਟ 16 ਮਈ (ਪੰਜਾਬ ਡਾਇਰੀ)- ਪਿਛਲੇ ਦਿਨੀਂ ਪਿੰਡ ਜਲਾਲੇਆਣਾ ਨੂੰ ਜਾਣ ਵਾਲੀ ਸੜਕ ’ਤੇ ਸਥਿੱਤ ਮੁਹੱਲਾ ਰਿਸ਼ੀ ਨਗਰ ਦੇ ਵਸਨੀਕ 28 ਸਾਲਾ ਨੌਜਵਾਨ ਗਗਨਦੀਪ ਸਿੰਘ ਦੀ ਨਸ਼ੇ ਦੀ ਭੇਂਟ ਚੜ ਜਾਣ ਕਾਰਨ ਹੋਈ ਮੌਤ ਦਾ ਅਫਸੋਸ ਕਰਨ ਲਈ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਿੱਥੇ ਪੁਲਿਸ ਪ੍ਰਸ਼ਾਸ਼ਨ ਨੂੰ ਨਸ਼ਾ ਤਸਕਰਾਂ, ਚੋਰਾਂ ਅਤੇ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ, ਉੱਥੇ ਮੰਨਿਆ ਕਿ ਮਿ੍ਰਤਕ ਦੇ ਦੋ ਛੋਟੇ-ਛੋਟੇ ਮਾਸੂਮ ਬੱਚਿਆਂ ਸਮੇਤ ਪਤਨੀ ਅਤੇ ਮਾਤਾ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ। ਜਿੱਥੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਸ਼ੇ ਦੇ ਮੁਕੰਮਲ ਖਾਤਮੇ ਲਈ ਕੋਈ ਯੋਜਨਾ ਬਣਾਉਣ ਦੀ ਤਜਵੀਜ ਦੱਸੀ, ਉੱਥੇ ਨਸ਼ਾ ਤਸਕਰਾਂ ਨੂੰ ਵੀ ਨਸੀਅਤ ਦਿੱਤੀ ਕਿ ਉਹ ਲੋਕਾਂ ਦੇ ਘਰ ਨਾ ਉਜਾੜਨ, ਨਹੀਂ ਤਾਂ ਉਹਨਾ ਨੂੰ ਵੀ ਇਸ ਦਾ ਖਮਿਆਜਾ ਇਕ ਦਿਨ ਜਰੂਰ ਭੁਗਤਣਾ ਪਵੇਗਾ। ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਸਪੀਕਰ ਸੰਧਵਾਂ ਨੇ ਆਖਿਆ ਕਿ ਉਹ ਕੱਲ ਹੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਗੱਲ ਕਰਕੇ ਨਸ਼ੇ ਵਿੱਚ ਗ੍ਰਸਤ ਹੋ ਚੁੱਕੇ ਨੌਜਵਾਨਾ ਦੇ ਮੁੜ ਵਸੇਬੇ ਦੇ ਨਾਲ ਨਾਲ ਡੀ.ਜੀ.ਪੀ. ਪੰਜਾਬ ਨਾਲ ਮੀਟਿੰਗ ਕਰਕੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਦੀ ਯੋਜਨਾ ਬਣਾਉਣਗੇ। ਉਹਨਾਂ ਪੀੜਤ ਪਰਿਵਾਰ ਦੇ ਬੱਚਿਆਂ ਦੀ ਪਰਵਰਿਸ਼ ਕਰਨ ਦਾ ਵਿਸ਼ਵਾਸ਼ ਦਿਵਾਉਂਦਿਆਂ ਮੰਨਿਆ ਕਿ ਇਸ ਗਲੀ ਵਿੱਚ ਥੋੜੇ ਸਮੇਂ ਵਿੱਚ ਇਕ ਨੌਜਵਾਨ ਲੜਕੀ ਸਮੇਤ ਤਿੰਨ ਵਿਅਕਤੀਆਂ ਦੇ ਨਸ਼ੇ ਦੀ ਭੇਂਟ ਚੜ ਜਾਣ ਵਾਲੀ ਘਟਨਾ ਬਹੁਤ ਹੀ ਹਿਰਦੇਵੇਦਕ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਇਕ ਨੌਜਵਾਨ ਲੜਕੀ ਨਸ਼ੇ ਕਾਰਨ ਮੌਤ ਦੇ ਮੂੰਹ ਜਾ ਪਈ ਅਤੇ ਇਕ ਹੋਰ ਗੁਆਂਢੀ ਵੀ ਨਸ਼ੇ ਦੀ ਭੇਂਟ ਚੜ ਗਿਆ। ਪੀੜਤ ਪਰਿਵਾਰ ਮੁਤਾਬਿਕ ਮਿ੍ਰਤਕ ਲੜਕੇ ਗਗਨਦੀਪ ਸਿੰਘ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਹੋਈ ਮੌਤ ਕਰਕੇ ਹੁਣ ਪਰਿਵਾਰ ਵਿੱਚ ਵਿਧਵਾ ਨੂੰਹ-ਸੱਸ ਸਮੇਤ ਦੋ ਮਾਸੂਮ ਬੱਚੇ ਬਚੇ ਹਨ, ਜਿੰਨਾ ਨੂੰ ਆਪਣਾ ਭਵਿੱਖ ਹਨੇਰਾ ਜਾਪ ਰਿਹਾ ਹੈ। ਉਹਨਾਂ ਨਸ਼ਾ ਤਸਕਰੀ ਬਾਰੇ ਸਪੀਕਰ ਸੰਧਵਾਂ ਨੂੰ ਦੱਸਿਆ ਕਿ ਸ਼ਰੇਆਮ ਹੋ ਰਹੀ ਨਸ਼ਾ ਤਸਕਰੀ ਕਾਰਨ ਹੋਰ ਵੀ ਅਨੇਕਾਂ ਨੌਜਵਾਨ ਨਸ਼ੇ ਵਿੱਚ ਗ੍ਰਸਤ ਹੋ ਚੁੱਕੇ ਹਨ। ਸਪੀਕਰ ਸੰਧਵਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਉਹਨਾਂ ਨਾਲ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਪੀਆਰਓ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ।