ਬਿਨਾਂ ਸ਼ਨਾਖਤੀ ਕਾਰਡ ਜਾਂ ਫਾਰਮ ਦੇ ਬਦਲੇ ਜਾਣਗੇ 2000 ਦੇ 10 ਨੋਟ, SBI ਨੇ ਜਾਰੀ ਕੀਤਾ ਬਿਆਨ
ਨਵੀਂ ਦਿੱਲੀ, 22 ਮਈ (ਨਿਊਜ 18)- ਐਸਬੀਆਈ ਨੇ ਇੱਕ ਸਰਕੂਲਰ ਜਾਰੀ ਕਰਕੇ ਸਾਰੀਆਂ ਸ਼ਾਖਾਵਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇੱਕ ਵਾਰ ਵਿੱਚ 2000 ਜਾਂ 20,000 ਰੁਪਏ ਦੇ 10 ਨੋਟਾਂ ਨੂੰ ਬਦਲਣ ਲਈ ਕੋਈ ਫਾਰਮ ਭਰਨ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਇੰਨੇ ਨੋਟ ਬਦਲਣ ਲਈ ਲੋਕਾਂ ਨੂੰ ਕੋਈ ਪਛਾਣ ਪੱਤਰ ਦਿਖਾਉਣਾ ਜ਼ਰੂਰੀ ਨਹੀਂ ਹੈ। ਐਸਬੀਆਈ ਵੱਲੋਂ ਜਾਰੀ ਹਦਾਇਤਾਂ ਵਿੱਚ ਸ਼ਾਖਾ ਪ੍ਰਬੰਧਕਾਂ ਨੂੰ ਨੋਟ ਬਦਲਣ ਦੀ ਪ੍ਰਕਿਰਿਆ ਨੂੰ ਸਰਲ ਅਤੇ ਤੇਜ਼ ਬਣਾਉਣ ਲਈ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। 2000 ਰੁਪਏ ਦੇ ਨੋਟ ਵਾਪਸ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇੱਕ ਵਿਅਕਤੀ ਇੱਕ ਵਾਰ ਵਿੱਚ ਸਿਰਫ 20,000 ਰੁਪਏ ਬਦਲ ਸਕਦਾ ਹੈ। ਯਾਨੀ 2000 ਰੁਪਏ ਦੇ 10 ਨੋਟ ਇੱਕੋ ਵਾਰ ਬਦਲੇ ਜਾਣਗੇ। ਇਸ ਸਬੰਧ ਵਿੱਚ ਐਸਬੀਆਈ ਨੇ ਇੱਕ ਨਿਰਦੇਸ਼ ਜਾਰੀ ਕੀਤਾ ਹੈ ਕਿ 20,000 ਰੁਪਏ ਦੇ ਅਦਲਾ-ਬਦਲੀ ਲਈ ਕਿਸੇ ਪਛਾਣ ਪੱਤਰ ਜਾਂ ਫਾਰਮ ਦੀ ਲੋੜ ਨਹੀਂ ਹੋਵੇਗੀ।