ਜਿਲ੍ਹਾ ਕੁਲੈਕਟਰ ਵੱਲੋਂ ਜਮੀਨ ਦੀ ਨਿਸ਼ਾਨਦੇਹੀ ਲਈ ਰੇਟ ਨਿਰਧਾਰਤ
* 6000 ਰੁਪਏ 25 ਏਕੜ ਲਈ ਅਤੇ 25 ਏਕੜ ਤੋਂ ਵੱਧ ਤੇ 250 ਰੁਪਏ ਪ੍ਰਤੀ ਏਕੜ ਰੇਟ ਕੀਤੇ ਨਿਰਧਾਰਤ
* ਨਿਰਧਾਰਤ ਰੇਟ ਤੋਂ ਵੱਧ ਰੁਪਏ ਲੈਣ ਵਾਲਿਆਂ ਖਿਲਾਫ ਕੀਤੀ ਜਾਵੇਗੀ ਕਾਰਵਾਈ
ਫਰੀਦਕੋਟ 26 ਮਈ (ਪੰਜਾਬ ਡਾਇਰੀ) ਜਿਲ੍ਹਾ ਕੁਲੈਕਟਰ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ. ਨੇ ਹੁਕਮ ਜਾਰੀ ਕਰਦੇ ਹੋਏ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਮਸ਼ੀਨ ਆਪਰੇਟਰ ਨਿਸ਼ਾਨਦੇਹੀ ਲਈ ਆਮ ਜਨਤਾ ਪਾਸੋਂ 6000 ਰੁਪਏ ਵਿੱਚ 25 ਏਕੜ ਅਤੇ 25 ਏਕੜ ਤੋਂ ਜਿਆਦਾ ਰਕਬੇ ਦੀ ਨਿਸ਼ਾਨਦੇਹੀ ਲਈ 250 ਰੁਪਏ ਪ੍ਰਤੀ ਏਕੜ ਜਿਨਾਂ ਵੀ ਰਕਬਾ 25 ਏਕੜ ਤੋਂ ਜਿਆਦਾ ਹੋਵੇਗਾ ਵਸੂਲ ਕਰਨ ਦੇ ਰੇਟ ਨਿਰਧਾਰਤ ਕੀਤੇ ਹਨ।
ਜਿਲ੍ਹਾ ਕੁਲੈਕਟਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਨਿਸ਼ਾਨਦੇਹੀ ਦੀ ਅਹਿਮ ਸਰਵਿਸ ਲਈ ਆਮ ਜਨਤਾ ਨੂੰ ਨਿਸ਼ਾਨਦੇਹੀ ਕਰਵਾਉਣ ਲਈ ਆਪਣੇ ਪੱਧਰ ਤੇ ਮਸ਼ੀਨ ਦਾ ਇੰਤਜਾਮ ਕਰਨਾ ਪੈਂਦਾ ਹੈ ਜਿਸ ਕਾਰਨ ਮਸ਼ੀਨ ਆਪਰੇਟਰਾਂ ਵੱਲੋਂ ਮਨਮਰਜੀ ਦੇ ਰੇਟ ਉਗਰਾਹੀ ਜਾਂਦੇ ਹਨ। ਇਸ ਨਾਲ ਜਿੱਥੇ ਆਮ ਜਨਤਾ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ, ਉਸਦੇ ਨਾਲ ਪੰਜਾਬ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ ਹੈ। ਇਸ ਦੇ ਮੱਦੇਨਜਰ ਇਹ ਰੇਟਾਂ ਦਾ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਕਤ ਰੇਟ ਆਮ ਸਰਵੇ ਅਤੇ ਨਿਸ਼ਾਨਦੇਹੀ ਕਰ ਰਹੇ ਮਸ਼ੀਨ ਆਪਰੇਟਰਾਂ ਨਾਲ ਵਿਚਾਰ ਕਰਨ ਉਪਰੰਤ ਫਿਕਸ ਕੀਤੇ ਗਏ ਹਨ, ਜਿਸ ਨਾਲ ਨਾ ਤਾਂ ਆਮ ਜਨਤਾ ਤੇ ਵਾਧੂ ਵਿੱਤੀ ਬੋਝ ਪਵੇਗਾ ਅਤੇ ਨਾ ਹੀ ਮਸ਼ੀਨ ਆਪਰੇਟਰਾਂ ਨੂੰ ਕਿਸੇ ਤਰ੍ਹਾ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਸ਼ੀਨ ਆਪਰੇਟਰ ਇਸ ਤੋਂ ਜਿਆਦਾ ਰੇਟ ਵਸੂਲ ਕਰਦਾ ਹੈ ਤਾਂ ਉਸ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਵਗੇ। ਇਸਦੇ ਨਾਲ ਹੀ ਉਨ੍ਹਾਂ ਜਿਲ੍ਹਾ ਫਰੀਦਕੋਟ ਦੇ ਕਾਨੂੰਗੋਆਂ ਨੂੰ ਹਦਾਇਤ ਕੀਤੀ ਕਿ ਉਕਤ ਰੇਟਾਂ ਨੂੰ ਲਾਗੂ ਕਰਵਾਇਆ ਜਾਵੇ ਅਤੇ ਜੇਕਰ ਕੋਈ ਵੀ ਆਪਰੇਟਰ ਫਿਕਸ ਕੀਤੇ ਹੋਏ ਰੇਟਾਂ ਤੋਂ ਜਿਆਦਾ ਵਸੂਲ ਕਰਦਾ ਹੈ ਤਾਂ ਨਿਸ਼ਾਨਦੇਹੀ ਕਰਨ ਵਾਲੇ ਸਬੰਧਤ ਕਾਨੂੰਗੋ ਖਿਲਾਫ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।