ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਦੇ ਘਿਰਾਓ ਲਈ ਫਰੀਦਕੋਟ ਤੋਂ ਕਿਸਾਨਾਂ ਦਾ ਇੱਕ ਜੱਥਾ ਰਵਾਨਾ
ਫਰੀਦਕੋਟ, 8 ਜੂਨ (ਪੰਜਾਬ ਡਾਇਰੀ)- ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 8 ਜੂਨ ਨੂੰ ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਦੇ ਘਿਰਾਓ ਦੇ ਦਿੱਤੇ ਸੱਦੇ ਉੱਪਰ ਪੰਜਾਬ ਭਰ ਵਿੱਚੋਂ ਵੱਡੇ ਕਾਫ਼ਲਿਆਂ ਦੇ ਰੂਪ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵਰਕਰ ਰਵਾਨਾ ਹੋਏ, ਇਸ ਤਹਿਤ ਫਰੀਦਕੋਟ ਤੋਂ ਵੀ ਇਕ ਜੱਥਾ ਰਵਾਨਾ ਹੋਇਆ।
ਪਟਿਆਲਾ ਧਰਨੇ ਲਈ ਜੱਥਾ ਰਵਾਨਾਂ ਹੋਣ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਬੋਹੜ ਸਿੰਘ ਰੁਪੱਈਆ ਵਾਲਾ ਨੇ ਕਿਹਾ ਕਿ 18 ਮਈ 2022 ਤੋ ਲੈ ਕੇ ਅੱਜ ਤੱਕ ਪੰਜਾਬ ਸਰਕਾਰ ਨਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆ ਵੱਖ ਵੱਖ ਸਮੇਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਉਹਨਾਂ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨ ਕੇ ਅਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਅਤੇ ਵੱਖ ਵੱਖ ਮੰਤਰੀ ਸਾਹਿਬਾਨ ਵੱਲੋਂ ਬਾਹਰ ਆ ਕੇ ਮੀਡੀਆ ਵਿੱਚ ਹਰ ਵਾਰ ਉਨ੍ਹਾਂ ਮੰਗਾਂ ਨੂੰ ਮੰਨਣ ਦਾ ਐਲਾਨ ਤਾਂ ਕੀਤਾ ਗਿਆ ਹੈ ਪ੍ਰੰਤੂ ਸਰਕਾਰ ਵੱਲੋ ਉਹਨਾਂ ਮੰਗ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਿਸ ਕਾਰਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੂੰ ਪਾਵਰਕੌਮ ਦੇ ਮੁੱਖ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ ਹੈ ਬੋਹੜ ਸਿੰਘ ਰੁਪੱਈਆ ਵਾਲਾ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਮੀਟਿੰਗ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰ ਦਿੰਦੀ ਤਾਂ ਕਿਸਾਨਾਂ ਨੂੰ ਪਾਵਰਕੌਮ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਨਹੀਂ ਹੋਣਾ ਪੈਣਾ ਸੀ ਇਸ ਲਈ ਪੰਜਾਬ ਵਾਸੀ ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਦਾ ਖੁਦ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਇਹ ਸਰਕਾਰਾਂ ਹੀ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਕਰਦੀਆਂ ਹਨ।