ਸਾਬਕਾ CM ਚੰਨੀ ਪਹੁੰਚੇ ਵਿਜੀਲੈਂਸ ਦਫਤਰ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਜਾਰੀ
ਚੰਡੀਗੜ੍ਹ, 13 ਜੂਨ (ਡੇਲੀ ਪੋਸਟ ਪੰਜਾਬੀ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਮੁੜ ਪੁੱਛਗਿੱਛ ਲਈ ਤਲਬ ਕੀਤਾ ਸੀ। ਚੰਨੀ ਵਿਜੀਲੈਂਸ ਦਫ਼ਤਰ ਪਹੁੰਚ ਗਏ ਹਨ। ਇੱਥੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਚੰਨੀ ਪਹਿਲਾਂ ਵੀ ਇਸ ਦਾ ਵਿਰੋਧ ਕਰ ਚੁੱਕੇ ਹਨ ਅਤੇ ਵਿਜੀਲੈਂਸ ‘ਤੇ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।
ਵਿਜੀਲੈਂਸ ਨੇ ਇਸ ਸਾਲ ਜਨਵਰੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ। ਜਲੰਧਰ ਲੋਕ ਸਭਾ ਉਪ ਚੋਣ ਤੋਂ ਪਹਿਲਾਂ ਵਿਜੀਲੈਂਸ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਇਸ ਦੌਰਾਨ ਚੰਨੀ ਇਕੱਲੇ ਹੀ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਉਸ ਤੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਵਿਜੀਲੈਂਸ ਨੇ ਉਸ ਨੂੰ 50 ਸਵਾਲਾਂ ਦਾ ਪ੍ਰੋਫਾਰਮਾ ਦਿੱਤਾ ਸੀ, ਜੋ ਉਸ ਨੇ ਭਰਨਾ ਸੀ।
ਦੱਸ ਦੇਈਏ ਕਿ ਇਹ ਦੂਜੀ ਵਾਰ ਹੈ ਜਦੋਂ ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਤਲਬ ਕੀਤਾ ਹੈ। ਪਹਿਲਾਂ ਜਦੋਂ ਚਰਨਜੀਤ ਚੰਨੀ ਆਏ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਮੈਨੂੰ ਗ੍ਰਿਫਤਾਰ ਕਰਨ ਦੇ ਹੁਕਮ ਹਨ ਤਾਂ ਗ੍ਰਿਫਤਾਰ ਕਰੋ ਪਰ ਤੰਗ ਨਾ ਕਰੋ। ਵਿਜੀਲੈਂਸ ਵੱਲੋਂ ਅੱਜ ਚੰਨੀ ਤੋਂ ਕਿੰਨੇ ਘੰਟੇ ਪੁੱਛਗਿੱਛ ਕੀਤੀ ਜਾਵੇਗੀ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।