BSNL ਦੇ 21 ਅਧਿਕਾਰੀ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਫਸੇ, CBI ਨੇ FIR ਕੀਤੀ ਦਰਜ
ਦਿੱਲੀ, 17 ਜੂਨ (ਡੇਲੀ ਪੋਸਟ ਪੰਜਾਬੀ)- ਕੇਂਦਰੀ ਜਾਂਚ ਬਿਊਰੋ (CBI) ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ BSNL ਦੇ 21 ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਨ੍ਹਾਂ 21 ਅਧਿਕਾਰੀਆਂ ਵਿੱਚ ਇੱਕ ਜਨਰਲ ਮੈਨੇਜਰ ਵੀ ਸ਼ਾਮਲ ਹੈ। ਜਾਂਚ ਏਜੰਸੀ ਨੇ ਇਨ੍ਹਾਂ ਅਧਿਕਾਰੀਆਂ ਦੇ 25 ਟਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ। ਜਾਂਚ ਏਜੰਸੀ ਦੇ ਦੋਸ਼ਾਂ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੇ BSNL ਨਾਲ ਧੋਖਾਧੜੀ ਕਰਨ ਲਈ ਇੱਕ ਠੇਕੇਦਾਰ ਨਾਲ ਸਾਜ਼ਿਸ਼ ਰਚੀ ਸੀ।
ਜਾਂਚ ਏਜੰਸੀ ਨੇ ਆਸਾਮ, ਬਿਹਾਰ, ਪੱਛਮੀ ਬੰਗਾਲ, ਉੜੀਸਾ ਅਤੇ ਹਰਿਆਣਾ ਵਿੱਚ ਮੁਲਜ਼ਮਾਂ ਦੇ ਦਫ਼ਤਰਾਂ ਅਤੇ ਘਰਾਂ ਸਮੇਤ ਕੁੱਲ 25 ਟਿਕਾਣਿਆਂ ’ਤੇ ਛਾਪੇ ਮਾਰੇ। ਧੋਖਾਧੜੀ ਦੇ ਇਸ ਮਾਮਲੇ ਵਿੱਚ, CBI ਨੇ ਜੋਰਹਾਟ, ਸਿਬਸਾਗਰ, ਗੁਹਾਟੀ ਅਤੇ ਹੋਰ ਥਾਵਾਂ ‘ਤੇ ਸਾਬਕਾ ਜਨਰਲ ਮੈਨੇਜਰ, ਡਿਪਟੀ ਜਨਰਲ ਮੈਨੇਜਰ, ਅਸਿਸਟੈਂਟ ਜਨਰਲ ਮੈਨੇਜਰ ਅਤੇ ਮੁੱਖ ਲੇਖਾ ਅਧਿਕਾਰੀ ਸਮੇਤ ਬਿਸਨਲ ਅਸਾਮ ਸਰਕਲ ਦੇ ਅਧਿਕਾਰੀਆਂ ਵਿਰੁੱਧ FIR ਦਰਜ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ FIR ਵਿੱਚ ਇੱਕ ਨਿੱਜੀ ਵਿਅਕਤੀ ਦਾ ਨਾਂ ਵੀ ਦਰਜ ਹੈ।
CBI ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਲਜ਼ਾਮ ਦੇ ਅਨੁਸਾਰ, ਠੇਕੇਦਾਰ ਨੂੰ ਓਪਨ ਟ੍ਰੈਂਚਿੰਗ ਵਿਧੀ ਰਾਹੀਂ 90,000 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਨੈਸ਼ਨਲ ਆਪਟੀਕਲ ਫਾਈਬਰ ਨੈਟਵਰਕ ਕੇਬਲ ਵਿਛਾਉਣ ਦਾ ਆਦੇਸ਼ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਠੇਕੇ ਦੀਆਂ ਸ਼ਰਤਾਂ ਵਿੱਚ ਹੇਰਾਫੇਰੀ ਕਾਰਨ BSNL ਨੂੰ ਕਰੀਬ 22 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।