IAS ਅਨੁਰਾਗ ਵਰਮਾ ਨੇ ਸਾਂਭਿਆ ਅਹੁਦਾ, ਕਿਹਾ ਪੰਜਾਬ ਦੀ ਕਾਨੂੰਨ ਵਿਵਸਥਾ ‘ਚ ਹੋਇਆ ਸੁਧਾਰ, ਸਾਡੇ ਕੋਲ ਕਾਬਿਲ ਅਫ਼ਸਰ
ਚੰਡੀਗੜ੍ਹ, 1 ਜੁਲਾਈ (ਏਬੀਪੀ ਸਾਂਝਾ)-ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅਹੁਦਾ ਅੱਜ ਸੰਭਾਲ ਲਿਆ ਹੈ। ਅਨੁਰਾਗ ਵਰਮਾ ਦੀ ਅਹੁਦਾ ਸੰਭਾਲ ਰਸਮ ‘ਚ ਸੇਵਾਮੁਕਤ ਮੁੱਖ ਸਕੱਤਰ ਵੀਜੇ ਕੁਮਾਰ ਜੰਜੂਆ ਵੀ ਮੌਜੂਦ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਚੀਫ਼ ਸੈਕਟਰੀ ਨੂੰ ਵਧਾਈ ਵੀ ਦਿੱਤੀ ਸੀ। ਚੀਫ਼ ਸੈਕਟਰੀ ਦਾ ਅਹੁਦਾ ਸਾਂਭਦੇ ਹੀ ਅਨੁਰਾਗ ਵਰਮਾ ਦਾ ਵੱਡਾ ਬਿਆਨ ਵੀ ਸਾਹਮਣੇ ਆ ਗਿਆ ਹੈ।
ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਵਿੱਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੋਲ ਕਾਬਿਲ ਅਫ਼ਸਰ ਅਤੇ ਅਧਿਕਾਰੀ ਹਨ। ਅਸੀਂ ਸਾਰੇ ਅਫ਼ਸਰਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਚੱਲਾਂਗੇ। ਅਜਿਹੀ ਕੋਈ ਮੁਸ਼ਕਿਲ ਨਹੀਂ ਹੈ ਕਿ ਜਿਸ ਦਾ ਹੱਲ ਨਾ ਕੱਢਿਆ ਜਾ ਸਕੇ।
ਅਨੁਰਾਗ ਵਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਵੀ ਫੰਡ ਰੋਕੇ ਗਏ ਹਨ। ਉਹਨਾਂ ਬਾਰੇ ਸਬੰਧਤ ਅਧਿਕਾਰੀ ਨਾਲ ਮੁਲਾਕਾਤ ਕਰਕੇ ਕੇਂਦਰ ਕੋਲ ਮੁੱਦਾ ਚੁੱਕਿਆ ਜਾਵੇਗਾ। ਅਨੁਰਾਗ ਵਰਮਾ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦਾ RDF ਵੀ ਰੋਕਿਆ ਹੋਇਆ ਹੈ ਅਤੇ ਪੰਜਾਬ ਦੇ ਪਾਣੀਆਂ ‘ਤੇ ਹਿਮਾਚਲ ਵੀ ਹੱਕ ਜਮਾ ਰਿਹਾ ਹੈ। ਇਸ ਬਾਰੇ ਵੀ ਆਉਣ ਵਾਲੇ ਦਿਨਾ ‘ਚ ਚਰਚਾ ਕੀਤੀ ਜਾਵੇਗੀ।
ਵੀ ਕੇ ਜੰਜੂਆ ਬੀਤੇ ਦਿਨ 30 ਜੂਨ ਨੂੰ ਸੇਵਾ ਮੁਕਤ ਹੋ ਗਏ ਸਨ। ਉਹਨਾਂ ਦੀ ਥਾਂ ‘ਤੇ ਪੰਜਾਬ ਸਰਕਾਰ ਨੇ IAS ਅਫ਼ਸਰ ਅਨੁਰਾਗ ਵਰਮਾ ਨੂੰ ਚੀਫ਼ ਸੈਕਟਰੀ ਲਗਾਇਆ ਹੈ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੋਵਾਂ ਅਫ਼ਸਰਾਂ ਨੂੰ ਵਧਾਈ ਦਿੱਤੀ ਸੀ। ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਸੀ ਕਿ – ”ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਵਿਜੇ ਕੁਮਾਰ ਜੰਜੂਆ ਜੀ ਅੱਜ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਏ ਨੇ…ਸਾਡੀ ਸਰਕਾਰ ਦੌਰਾਨ ਪੰਜਾਬ ਤੇ ਪੰਜਾਬੀਆਂ ਲਈ ਲਏ ਗਏ ਅਹਿਮ ਫ਼ੈਸਲਿਆਂ ‘ਚ ਜੰਜੂਆ ਜੀ ਦੀ ਭੂਮਿਕਾ ਸ਼ਲਾਘਾਯੋਗ ਹੈ…
ਅੱਜ ਡਿਊਟੀ ਦੇ ਆਖ਼ਰੀ ਦਿਨ ਉਹਨਾਂ ਨੂੰ ਮਿਲ ਕੇ ਸਫ਼ਲ ਕਾਰਜਕਾਲ ਲਈ ਵਧਾਈਆਂ ਦਿੱਤੀਆਂ…ਜ਼ਿੰਦਗੀ ‘ਚ ਸੁਨਹਿਰੇ ਤੇ ਬਿਹਤਰ ਭਵਿੱਖ ਲਈ ਸ਼ੁੱਭਕਾਮਨਾਵਾਂ….ਤੇ ਸਰਕਾਰ ‘ਚ ਸਹਿਯੋਗ ਦੇਣ ਲਈ ਧੰਨਵਾਦ….ਨਾਲ ਹੀ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਜੀ ਨੂੰ ਵਧਾਈਆਂ ਦਿੱਤੀਆਂ…”