ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ ‘ਚ ਡਰੈੱਸ ਕੋਡ ਲਾਗੂ: ਫਟੇ ਜੀਨਸ, ਛੋਟੇ ਕੱਪੜੇ ‘ਤੇ ਪਾਬੰਦੀ
ਜਲੰਧਰ, 10 ਜੁਲਾਈ (ਡੇਲੀ ਪੋਸਟ ਪੰਜਾਬੀ)- ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਸਥਾਨ ਸ਼੍ਰੀ ਦੇਵੀ ਤਾਲਾਬ ਮੰਦਰ ‘ਚ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੇ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਢੁਕਵੇਂ ਕੱਪੜੇ ਪਹਿਨਣ ਦੇ ਹੁਕਮ ਜਾਰੀ ਕੀਤੇ ਹਨ। ਮੰਦਰ ਦੇ ਪ੍ਰਬੰਧਕਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਲੇ ਅਜੀਬੋ-ਗਰੀਬ ਕੱਪੜੇ ਪਹਿਨਣ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ।
ਮੰਦਿਰ ਦੇ ਪ੍ਰਬੰਧਕਾਂ ਨੇ ਇਸ ਸਬੰਧੀ ਮੰਦਿਰ ਦੇ ਮੁੱਖ ਗੇਟ ‘ਤੇ ਨੋਟਿਸ ਵੀ ਲਗਾ ਦਿੱਤਾ ਹੈ। ਇਸ ‘ਤੇ ਇਕ ਫਲੈਕਸ ਲਗਾਇਆ ਗਿਆ ਹੈ ਅਤੇ ਇਸ ‘ਤੇ ਸਪੱਸ਼ਟ ਲਿਖਿਆ ਗਿਆ ਹੈ ਕਿ ਸਾਰੀਆਂ ਧਰਮਾਂ ਨੂੰ ਪਿਆਰ ਕਰਨ ਵਾਲੀਆਂ ਔਰਤਾਂ ਅਤੇ ਮਰਦਾਂ ਨੂੰ ਚੰਗੇ ਕੱਪੜੇ ਪਾ ਕੇ ਹੀ ਮੰਦਰ ਵਿਚ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਫਲੈਕਸਾਂ ‘ਤੇ ਖਾਸ ਤੌਰ ‘ਤੇ ਲਿਖਿਆ ਹੈ ਕਿ ਛੋਟੇ ਕੱਪੜੇ, ਹਾਫ ਪੈਂਟ, ਵਰਮੂਡਾ, ਮਿੰਨੀ ਸਕਰਟ, ਫਟੀ ਜੀਨਸ ਪਾ ਕੇ ਮੰਦਰ ਨਾ ਆਉਣ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜਿਹੇ ਕੱਪੜੇ ਪਾ ਕੇ ਆਉਣ ਵਾਲਿਆਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ।
ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੰਦਰਾਂ ਵਿੱਚ ਵੀ ਇਹ ਪ੍ਰਣਾਲੀ ਲਾਗੂ ਹੈ। ਹਾਲ ਹੀ ‘ਚ ਪੰਜਾਬ ਦੇ ਮਸ਼ਹੂਰ ਸ਼੍ਰੀ ਕਾਲੀ ਮਾਤਾ ਮੰਦਰ ‘ਚ ਵੀ ਡਰੈੱਸ ਕੋਡ ਲਾਗੂ ਕੀਤਾ ਗਿਆ ਸੀ। ਹਿੰਦੂ ਮੰਦਰਾਂ ਵਿੱਚ ਡਰੈੱਸ ਕੋਡ ਦੀ ਪ੍ਰਥਾ ਅਸਲ ਵਿੱਚ ਸ਼੍ਰੀ ਕਾਲੀ ਮਾਤਾ ਮੰਦਰ ਤੋਂ ਹੀ ਸ਼ੁਰੂ ਹੋਈ ਸੀ। ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਪ੍ਰਬੰਧਕਾਂ ਨੇ ਸਭ ਤੋਂ ਪਹਿਲਾਂ ਮੰਦਰ ਦੇ ਬਾਹਰ ਬੋਰਡ ਲਗਾ ਕੇ ਡਰੈਸ ਕੋਡ ਲਾਗੂ ਕੀਤਾ ਅਤੇ ਅਜੀਬੋ-ਗਰੀਬ ਕੱਪੜੇ ਪਾ ਕੇ ਮੰਦਰ ਵਿਚ ਆਉਣ ਵਾਲਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।