ਮਾਡਰਨ ਜੇਲ੍ਹ ‘ਚ ਗੈਂਗਵਾਰ, ਲੋਹੇ ਦੀਆਂ ਰਾਡਾਂ ਨਾਲ ਸੁੱਤੇ ਪਏ ਕੈਦੀਆਂ ‘ਤੇ ਹਮਲਾ
ਕਪੂਰਥਲਾ, 13 ਜੁਲਾਈ (ਡੇਲੀ ਪੋਸਟ ਪੰਜਾਬੀ)- ਕਪੂਰਥਲਾ ਮਾਡਰਨ ਜੇਲ੍ਹ ਵਿੱਚ ਅੱਜ ਸਵੇਰੇ 40-50 ਕੈਦੀਆਂ ਵਿਚਾਲੇ ਗੈਂਗਵਾਰ ਹੋਣ ਦੀ ਖ਼ਬਰ ਹੈ। ਇਸ ਝਗੜੇ ਵਿੱਚ ਚਾਰ ਕੈਦੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਦੀ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ। ਇਕ ਦੀ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਹਾਲਾਤੀ ਦ ਲਾਕਅੱਪ ਦੀ ਮੌਤ ਹੋ ਚੁੱਕੀ ਹੈ, ਪਰ ਜੇਲ ਪ੍ਰਸ਼ਾਸਨ ਪੁਸ਼ਟੀ ਨਹੀਂ ਕਰ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਕੌਰ ਅਤੇ ਡਾਕਟਰ ਵਿਵੇਕ ਨੇ ਦੱਸਿਆ ਕਿ ਅੱਜ ਸਵੇਰੇ ਮਾਡਰਨ ਜੇਲ੍ਹ ਕਪੂਰਥਲਾ ਤੋਂ ਜੇਲ੍ਹ ਸਟਾਫ਼ ਨੇ 4 ਕੈਦੀ ਸਿਮਰਨਜੀਤ ਸਿੰਘ, ਸੁਰਿੰਦਰ ਸਿੰਘ, ਅਮਨਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਨੂੰ ਜ਼ਖਮੀ ਹਾਲਤ ‘ਚ ਲਿਆਂਦਾ ਗਿਆ, ਜਿਨ੍ਹਾਂ ‘ਚੋਂ ਕੈਦੀ ਸਿਮਰਨਜੀਤ ਸਿੰਘ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਸਿਵਲ ਹਸਪਤਾਲ ਵਿੱਚ ਦਾਖ਼ਲ ਕੈਦੀਆਂ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੀ ਬੈਰਕ ਵਿੱਚ ਸੁੱਤੇ ਪਏ ਸਨ ਕਿ ਅਚਾਨਕ ਕੁਝ ਕੈਦੀਆਂ ਨੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ ਲੈ ਕੇ ਟੁੱਟ ਪਏ।
ਸੂਤਰਾਂ ਮੁਤਾਬਕ ਇਹ ਗੈਂਗਵਾਰ ਪੁਰਾਣੀ ਰੰਜਿਸ਼ ਕਾਰਨ ਹੋਈ ਹੈ। ਇਸ ਸਬੰਧੀ ਜਾਣਕਾਰੀ ਲੈਣ ਲਈ ਐਸਪੀ ਜੇਲ੍ਹ ਇਕਬਾਲ ਸਿੰਘ ਧਾਲੀਵਾਲ ਨਾਲ ਸੰਪਰਕ ਕਰਨ ਦੀ ਕਈ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।