ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋਏ
ਫ਼ਰੀਦਕੋਟ, 19 ਜੁਲਾਈ (ਪੰਜਾਬ ਡਾਇਰੀ)- ਬਾਬਾ ਸ਼ੇਖ ਫ਼ਰੀਦ ਜੀ ਪਾਵਨ ਚਰਨ-ਛੋਹ ਪ੍ਰਾਪਤ ਨਗਰੀ ਫਰੀਦਕੋਟ ਵਿਖੇ ਸਥਾਪਿਤ ਬਾਬਾ ਫ਼ਰੀਦ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਵਾਈਸ ਚਾਂਸਲਰ ਸ੍ਰੀ ਰਾਜੀਵ ਸੂਦ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਉਹਨਾਂ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ। ਬਾਬਾ ਫਰੀਦ ਸੰਸਥਾਵਾਂ ਦੇ ਕਮੇਟੀ ਮੈਬਰ ਸ. ਚਰਨਜੀਤ ਸਿੰਘ ਨੇ ਉਨ੍ਹਾਂ ਨੂੰ ਜੀ ਆਇਆ ਆਖਦੇ ਹੋਏ ਇਸ ਪਾਵਨ ਅਸਥਾਨ ਅਤੇ ਫ਼ਰੀਦਕੋਟ ਸ਼ਹਿਰ ਦੇ ਇਤਿਹਾਸਿਕ ਪਿਛੋਕੜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਾਬਾ ਸ਼ੇਖ ਫ਼ਰੀਦ ਜੀ ਨੇ ਬਾਰਵੀਂ-ਤੇਰਵੀਂ ਸਦੀ ਵਿੱਚ ਇਸ ਪਾਵਨ ਸਥਾਨ ‘ਤੇ ਆਏ ਸਨ ਅਤੇ ਗਾਰੇ ਨਾਲ ਲਿੱਬੜੇ ਹੋਏ ਆਪਣੇ ਹੱਥ ਇੱਥੇ ਸੁਸ਼ੋਭਿਤ ਵਣ ਦੀ ਲੱਕੜੀ ਨਾਲ ਸਾਫ਼ ਕੀਤੇ ਸਨ। ਇਸ ਤੋਂ ਇਲਾਵਾ ਜਿੱਥੇ ਉਹਨਾਂ ਨੇ 40 ਦਿਨ ਤਪ ਕੀਤਾ ਸੀ, ਅੱਜ ਉਸ ਸਥਾਨ ‘ਤੇ ਗੁਰਦੁਆਰਾ ਗੋਦੜੀ ਸਾਹਿਬ ਟਿੱਲਾ ਬਾਬਾ ਫ਼ਰੀਦ ਵੀ ਸੁਸ਼ੋਭਿਤ ਹੈ । ਇਸ ਮੌਕੇ ਵਾਈਸ ਚਾਂਸਲਰ ਸ੍ਰੀ ਰਾਜੀਵ ਸੂਦ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਪਵਿੱਤਰ ਨਗਰੀ ਵਿੱਚ ਆ ਕੇ ਬੇਹੱਦ ਖੁਸ਼ ਅਤੇ ਸੰਤੁਸ਼ਟ ਹਨ । ਇੱਥੋਂ ਦੇ ਵਸਨੀਕਾਂ ਨੂੰ ਉਹ ਆਪਣੇ ਤਨ-ਮਨ ਨਾਲ ਸਮਰਪਿਤ ਹੋ ਕੇ ਸੇਵਾ-ਕਾਰਜ ਕਰਦੇ ਰਹਿਣਗੇ । ਇਸ ਮੌਕੇ ਪ੍ਰਬੰਧਕੀ-ਕਮੇਟੀ ਵੱਲੋਂ ਉਨ੍ਹਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ । ਬਾਬਾ ਫਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦੇ ਇਥੇ ਵਾਈਸ ਚਾਂਸਲਰ ਵਜੋਂ ਨਿਯੁਕਤ ਹੋਣ ‘ਤੇ ਇਸ ਇਲਾਕੇ ਦੇ ਵਸਨੀਕਾਂ ਨੂੰ ਭਰਪੂਰ ਲਾਭ ਹੋਵੇਗਾ।