ਭਗਵੰਤ ਮਾਨ 28 ਜੁਲਾਈ ਨੂੰ ਵੰਡਣਗੇ 12500 ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਦਾ ਪੱਤਰ: ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 22 ਜੁਲਾਈ (ਰੋਜਾਨਾ ਸਪੋਕਸਮੈਨ)- ਮੁੱਖ ਮੰਤਰੀ ਭਗਵੰਤ ਮਾਨ 28 ਜੁਲਾਈ 2023 ਦਿਨ ਸ਼ੁਕਰਵਾਰ ਨੂੰ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ 12500 ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਸਬੰਧੀ ਪੱਤਰ ਸੌਂਪਣਗੇ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਦਿਤੀ ਗਈ।
ਉਹਨਾਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਨੂੰ ਅਪਣੀ ਦੇਖ-ਰੇਖ ਵਿਚ ਮੁਕੰਮਲ ਕਰਵਾਇਆ ਜਾ ਰਿਹਾ ਹੈ।
ਉਹਨਾਂ ਦਸਿਆ ਕਿ 28 ਜੁਲਾਈ 2023 ਨੂੰ ਸਿੱਖਿਆ ਪ੍ਰੋਵਾਈਡਰ, ਸਪੈਸ਼ਲ ਇੰਕਲੂਸਿਵ ਟੀਚਰ(ਈਟੀਟੀ,ਐਨਟੀਟੀ ਅਤੇ ਬੀਐੱਡ) ਅਤੇ ਆਈ.ਈ. ਵਲੰਟੀਅਰਜ਼ ਨੂੰ ਸੇਵਾਵਾਂ ਪੱਕੀਆ ਕਰਨ ਸਬੰਧੀ ਆਰਡਰਾਂ ਦੀ ਕਾਪੀ ਆਪਣੇ ਕਰ ਕਮਲਾਂ ਨਾਲ ਸੌਂਪਣਗੇ। ਬੈਂਸ ਨੇ ਕਿਹਾ ਕਿ ਇਹ ਅਧਿਆਪਕ ਬਹੁਤ ਲੰਬੇ ਸਮੇਂ ਤੋਂ ਬਹੁਤ ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੇ ਸਨ। ਉਹਨਾਂ ਦੀਆਂ ਸੇਵਾਵਾਂ ਹੁਣ ਰੈਗੂਲਰ ਹੋ ਜਾਣਗੀਆਂ।