ਪੰਜਾਬ ਦੇ 12500 ਕੱਚੇ ਅਧਿਆਪਕਾਂ ਨੂੰ CM ਮਾਨ ਦਾ ਵੱਡਾ ਤੋਹਫਾ, ਸੌਂਪੇ ਨਿਯੁਕਤੀ ਪੱਤਰ, ਕੀਤਾ ਰੈਗੂਲਰ
ਚੰਡੀਗੜ੍ਹ, 28 ਜੁਲਾਈ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ 12500 ਟੀਚਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਅੱਜ ਦਾ ਦਿਨ ਟੀਚਰਾਂ ਲਈ ਇਤਿਹਾਸਕ ਹੈ ਕਿਉਂਕਿ ਉਹ ਪਿਛਲੇ ਲਗਭਗ 10 ਸਾਲਾਂ ਤੋਂ ਪੱਕੇ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤੇ ਅੱਜ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ ਹੈ।
ਇਸ ਦੇ ਨਾਲ ਹੀ ਹੁਣ ਤਨਖਾਹ ਵੀ 22500 ਰੁਪਏ ਹਰ ਮਹੀਨੇ ਮਿਲੇਗੀ। ਸਰਕਾਰ ਉਨ੍ਹਾਂ ਲਈ ਪ੍ਰਮੋਸ਼ਨ ਨੀਤੀ ਬਣਾਏਗੀ। ਦੱਸ ਦੇਈਏ ਕਿ ਚੰਡੀਗੜ੍ਹ ਵਿਚ ਟੀਚਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ। ਇਸ ਮੌਕੇ ਮੁੱਖ ਮੰਤਰੀ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਣੇ ਹੋਰ ਵੀ ਕਈ ਮੌਜੂਦ ਸਨ।
ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਮੁੱਖ ਸਮਾਗਮ ਚੰਡੀਗੜ੍ਹ ਵਿਚ ਹੋਇਆ। ਸੂਬੇ ਭਰ ਦੇ ਸਕੂਲਾਂ ਵਿਚ ਵੀ ਇਕ ਹੀ ਸਮੇਂ ‘ਤੇ ਸਮਾਗਮ ਕਰਵਾਏ ਗਏ। ਟੀਚਰਾਂ ਵੱਲੋਂ ਦਹਾਕਿਆਂ ਤੋਂ ਨਿਭਾਈ ਜਾ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਨ ਲਈ ਹਰੇਕ ਸਕੂਲ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ ਜਿਸ ਵਿਚ ਪ੍ਰਿੰਸੀਪਲ, ਸਕੂਲ ਕਮੇਟੀਆਂ ਦੇ ਮੈਂਬਰ, ਪੰਚਾਇਤਾਂ ਤੇ ਸ਼ਹਿਰੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਸਣੇ ਸਿੱਖਿਆ ਅਧਿਕਾਰੀ ਤੇ ਵਿਧਾਇਕ ਸ਼ਾਮਲ ਹੋਏ।