ਪੰਜਾਬ ਯੂਨੀਵਰਸਿਟੀ ਵਿਚ 4 ਸਾਲ ਤੋਂ ਬੰਦ ਮੈਂਟਲ ਹੈਲਥ ਕਾਊਂਸਲਿੰਗ ਮੁੜ ਹੋਵੇਗੀ ਸ਼ੁਰੂ, 7500 ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ
ਚੰਡੀਗੜ੍ਹ, 7 ਅਗਸਤ (ਰੋਜਾਨਾ ਸਪੋਕਸਮੈਨ)- ਹਾਲ ਹੀ ਵਿਚ ਪੰਜਾਬ ਯੂਨੀਵਰਸਿਟੀ ਵਿਚ ਕੁੱਝ ਨੌਜਵਾਨ ਵਿਦਿਆਰਥੀਆਂ ਵਿਚ ਮਾਨਸਿਕ ਤਣਾਅ ਦੇ ਮਾਮਲੇ ਸਾਹਮਣੇ ਆਏ ਸਨ। ਯੂਨੀਵਰਸਿਟੀ ਵਿਚ ਚਾਰ ਸਾਲਾਂ ਤੋਂ ਕਾਊਂਸਲਿੰਗ ਬੰਦ ਹੋਣ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਜਾਣਾ ਪੈ ਰਿਹਾ ਹੈ। ਇਸ ਸੱਭ ਦੇ ਮੱਦੇਨਜ਼ਰ ਪੀ.ਯੂ. ਪ੍ਰਸ਼ਾਸਨ ਇਕ ਵਾਰ ਫਿਰ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਦੀ ਮਾਨਸਿਕ ਕਾਊਂਸਲਿੰਗ ਸ਼ੁਰੂ ਕਰਨ ਜਾ ਰਿਹਾ ਹੈ।
ਇਸ ਦੀ ਸ਼ੁਰੂਆਤ ਇਸ ਹਫਤੇ ਤੋਂ ਹੀ ਕਰ ਦਿਤੀ ਜਾਵੇਗੀ। ਕਾਊਂਸਲਿੰਗ ਸ਼ੁਰੂ ਹੋਣ ਨਾਲ ਲਗਭਗ 7500 ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਉਹ ਤਣਾਅ ਮੁਕਤ ਰਹਿਣਗੇ। ਇਸ ਦੇ ਲਈ ਹਰ ਹੋਸਟਲ ਵਿਚ ਕਾਊਂਸਲਿੰਗ ਰੂਮ ਬਣਾਏ ਜਾਣਗੇ। ਸਾਰੇ ਕਾਊਂਸਲਰ ਦੁਪਹਿਰ 2 ਤੋਂ ਸ਼ਾਮ 7 ਵਜੇ ਤਕ ਹੋਸਟਲ ਅਤੇ ਹੈਲਥ ਸੈਂਟਰ ‘ਚ ਬੈਠਣਗੇ। ਦੱਸ ਦੇਈਏ ਕਿ ਪੀ.ਯੂ. ‘ਚ ਪਿਛਲੇ 4 ਸਾਲਾਂ ਤੋਂ ਮਾਨਸਿਕ ਸਿਹਤ ਕਾਊਂਸਲਿੰਗ ਬੰਦ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਦਿਆਰਥੀਆਂ ਦੀ ਸਹੂਲਤ ਲਈ ਡੀ.ਐਸ.ਡਬਲਿਊ. ਦਫ਼ਤਰ ਵਲੋਂ ਹੋਸਟਲਾਂ ਵਿਚ ਸਾਰੇ ਵਿਦਿਆਰਥੀਆਂ ਲਈ ਗੂਗਲ ਫਾਰਮ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਰਾਹੀਂ ਵਿਦਿਆਰਥੀ ਕਾਊਂਸਲਰ ਨਾਲ ਮੁਲਾਕਾਤ ਤੈਅ ਕਰ ਸਕਣਗੇ। ਸ਼ੁਰੂਆਤੀ ਦਿਨਾਂ ਵਿਚ, ਪੀ.ਯੂ. ਦੇ ਸਾਰੇ ਹੋਸਟਲਾਂ ਵਿਚ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਬਾਰੇ ਸੈਸ਼ਨ ਵੀ ਆਯੋਜਤ ਕੀਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਉਹਨਾਂ ਦੇ ਸਵਾਲਾਂ ਲਈ ਇਕ ਪਲੇਟਫਾਰਮ ਪ੍ਰਦਾਨ ਕੀਤਾ ਜਾ ਸਕੇ।
ਡੀ.ਐਸ.ਡਬਲਿਊ. ਮਹਿਲਾ ਪ੍ਰੋ. ਸਿਮਰਤ ਕਾਹਲੋਂ ਨੇ ਦਸਿਆ ਕਿ ਪੀ.ਯੂ. ਦੇ ਕਾਊਂਸਲਰ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਸਬੰਧੀ ਕਿਤਾਬਚੇ ਤਿਆਰ ਕਰਨਗੇ। ਇਸ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਦੀ ਤਰਜ਼ ‘ਤੇ ਤਿਆਰ ਕੀਤਾ ਜਾਵੇਗਾ। ਇਸ ਵਿਚ ਮਾਨਸਿਕ ਸਿਹਤ ਨਾਲ ਸਬੰਧਤ ਸਵਾਲਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਅਪਣੇ ਪੱਧਰ ’ਤੇ ਇਨ੍ਹਾਂ ਨਾਲ ਨਜਿੱਠਣ ਲਈ ਨੁਕਸੇ ਦੱਸੇ ਜਾਣਗੇ। ਇਸ ਨਾਲ ਅਸੀਂ ਸ਼ੁਰੂ ਤੋਂ ਹੀ ਮਾਨਸਿਕ ਸਿਹਤ ਦੇ ਮੁੱਦੇ ‘ਤੇ ਧਿਆਨ ਦੇ ਸਕਦੇ ਹਾਂ ਅਤੇ ਇਸ ਬਾਰੇ ਜਾਗਰੂਕ ਹੋ ਸਕਦੇ ਹਾਂ, ਇਸ ਨੂੰ ਪੀ.ਯੂ. ਦੀ ਵੈਬਸਾਈਟ ‘ਤੇ ਸਾਰੇ ਵਿਦਿਆਰਥੀਆਂ ਲਈ ਉਪਲਬਧ ਕਰਾਇਆ ਜਾਵੇਗਾ।
ਇਸ ਤੋਂ ਇਲਾਵਾ ਹੋਸਟਲ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਵੱਖਰੇ ਤੌਰ ’ਤੇ ਮਾਰਗਦਰਸ਼ਨ ਕੀਤਾ ਜਾਵੇਗਾ।