ਰਾਹੁਲ ਗਾਂਧੀ ਦਾ PM ਮੋਦੀ ‘ਤੇ ਵੱਡਾ ਹਮਲਾ, ਕਿਹਾ- ਮਣੀਪੁਰ ‘ਚ ਹਿੰਦੂਸਤਾਨ ਦਾ ਕਤਲ- ਅਜੇ ਤੱਕ ਦੌਰਾ ਨਹੀਂ ਕਰ ਸਕਿਆ ਪ੍ਰਧਾਨ ਸੇਵਕ
ਨਵੀਂ ਦਿੱਲੀ, 9 ਅਗਸਤ (ਬਾਬੂਸ਼ਾਹੀ)- ਲੋਕ ਸਭਾ ਮੈਂਬਰ ਵਜੋਂ ਮੈਂਬਰਸ਼ਿਪ ਬਹਾਲ ਹੋਣ ਮਗਰੋਂ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਸਦਨ ਦੇ ਵਿਚ ਗਰਜ਼ੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਲੋਕ ਸਭਾ ਮੈਂਬਰ ਦੀ ਮੈਂਬਰਸ਼ਿਪ ਬਹਾਲ ਕਰਨ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ, ਮਣੀਪੁਰ ਵਿਚ ਮੋਦੀ ਸਰਕਾਰ ਨੇ ਭਾਰਤ ਮਾਤਾ (ਮੇਰੀ ਮਾਂ) ਦਾ ਕਤਲ ਕੀਤਾ ਹੈ। ਰਾਹੁਲ ਨੇ ਦੋਸ਼ ਲਾਇਆ ਕਿ, ਇਹ ਭਾਜਪਾ ਸਰਕਾਰ ਵਾਲੇ ਸਾਰੇ ਦੇਸ਼ ਧ੍ਰੋਹੀ ਹਨ।
ਉਨ੍ਹਾਂ ਕਿਹਾ ਕਿ, ਤੁਸੀਂ ਭਾਰਤ ਦੇ ਰਖਵਾਲੇ ਨਹੀਂ ਹੋ, ਤੁਸੀਂ ਭਾਰਤ ਦੇ ਕਾਤਲ ਹੋ। ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ, ਪ੍ਰਧਾਨ ਮੰਤਰੀ ਨੇ ਅਜੇ ਤੱਕ ਮਨੀਪੁਰ ਦਾ ਦੌਰਾ ਨਹੀਂ ਕੀਤਾ ਹੈ। ਇਹ ਉਨ੍ਹਾਂ ਲਈ ਭਾਰਤ ਨਹੀਂ ਹੈ। ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਮੈਂ ਰਾਹਤ ਕੈਂਪ ਵਿੱਚ ਗਿਆ। ਔਰਤਾਂ ਅਤੇ ਬੱਚਿਆਂ ਨਾਲ ਗੱਲ ਕੀਤੀ, ਜੋ ਪੀਐਮ ਨੇ ਅੱਜ ਤੱਕ ਨਹੀਂ ਕੀਤੀ। ਰਾਹੁਲ ਨੇ ਕਿਹਾ ਕਿ- ਮਣੀਪੁਰ ਨੂੰ ਨਹੀਂ ਬਲਕਿ ਹਿੰਦੂਸਤਾਨ ਨੂੰ ਮਨੀਪੁਰ ਵਿਚ ਮਾਰਿਆ ਹੈ। ਹਿੰਦੂਸਤਾਨ ਦਾ ਕਤਲ ਕੀਤਾ ਗਿਆ ਹੈ। ਮੋਦੀ ਹਿੰਦੂਸਤਾਨ ਦੀ ਅਵਾਜ਼ ਨਹੀਂ ਸੁਣਦੇ ਤਾਂ, ਮੋਦੀ ਸਦਨ ਵਿਚ ਸਿਰਫ਼ ਦੋ ਲੋਕਾਂ ਦੀ ਅਵਾਜ਼ ਸੁਣਦੇ ਹਨ। ਉਥੇ ਹੀ ਜਵਾਬ ਵਿਚ ਸਮਰਿਤੀ ਇਰਾਨੀ ਨੇ ਕਿਹਾ ਕਿ, “ਮਣੀਪੁਰ ਦੇਸ਼ ਦਾ ਅਨਿੱਖੜਵਾਂ ਅੰਗ ਹੈ। ਇਹ ਕਦੇ ਵੰਡਿਆ ਨਹੀਂ ਗਿਆ ਸੀ ਅਤੇ ਨਾ ਕਦੇ ਵੰਡਿਆ ਜਾਵੇਗਾ।”