ਟਰੱਸਟ ਵੱਲੋਂ ਸਰਕਾਰੀ ਹਾਈ ਸਕੂਲ ਔਲਖ ਦੇ ਹੁਸ਼ਿਆਰ ਬੱਚਿਆਂ ਦਾ ਵਿਸ਼ੇਸ਼ ਸਨਮਾਨ
* ਨਗਦ ਰਾਸ਼ੀ ਅਤੇ ਸਟੇਸ਼ਨਰੀ ਦਾ ਵਾਧੂ ਸਮਾਨ ਦੇ ਕੇ ਕੀਤਾ ਗਿਆ ਸਨਮਾਨਿਤ!
ਫਰੀਦਕੋਟ, 14 ਅਗਸਤ (ਪੰਜਾਬ ਡਾਇਰੀ)- ਨੇੜਲੇ ਪਿੰਡ ਔਲਖ ਦੀ ਜੰਮਪਲ ਲੜਕੀ ਜਸਪਾਲ ਕੌਰ ਜੀਦਾ ਨੇ ਆਪਣੇ ਪਤੀ ਸਮੇਤ ਪਿੰਡ ਦੇ ਉਸ ਸਰਕਾਰੀ ਹਾਈ ਸਮਾਰਟ ਸਕੂਲ ਦੇ ਹੁਸ਼ਿਆਰ ਬੱਚਿਆਂ ਦਾ ਸਨਮਾਨ ਕੀਤਾ, ਜਿਸ ਵਿੱਚ ਉਸ ਨੇ ਖੁਦ ਪੜਾਈ ਕੀਤੀ ਸੀ। ਮੁੱਖ ਮਹਿਮਾਨ ਦੇ ਮਾਪਿਆਂ ਦੀ ਯਾਦ ਵਿੱਚ ਬਣੇ ਸ੍ਰ. ਚਰਨਜੀਤ ਸਿੰਘ ਮੈਮੋਰੀਅਲ ਟਰੱਸਟ ਔਲਖ ਵਲੋਂ ‘ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ’ ਦੇ ਸਹਿਯੋਗ ਨਾਲ ਕਰਵਾਏ ਗਏ ਹੁਸ਼ਿਆਰ ਬੱਚਿਆਂ ਦੇ ਸਨਮਾਨ ਸਮਾਰੋਹ ਮੌਕੇ ਆਪਣੇ ਸੰਬੋਧਨ ਦੋਰਾਨ ਸੁਸਾਇਟੀ ਦੇ ਪ੍ਰਧਾਨ ਮਾ ਅਸ਼ੌਕ ਕੌਸ਼ਲ ਸਮੇਤ ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ, ਅਮਰ ਸਿੰਘ ਮਠਾੜੂ, ਮਨਦੀਪ ਸਿੰਘ ਮਿੰਟੂ ਗਿੱਲ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਸੰਦੀਪ ਕੌਰ ਆਦਿਕ ਬੁਲਾਰਿਆਂ ਨੇ ਜਿੱਥੇ ਦੇਸ਼ ਭਗਤਾਂ ਵਲੋਂ ਦੇਸ਼ ਦੀ ਆਜਾਦੀ ਲਈ ਪਾਏ ਯੋਗਦਾਨ ਦਾ ਜਿਕਰ ਕੀਤਾ, ਉੱਥੇ ਬੱਚਿਆਂ ਨੂੰ ਸੁਆਲ ਜੁਆਬ ਵੀ ਕੀਤੇ ਕਿ ਕੀ ਹੁਣ ਦੇਸ਼ ਦਾ ਹਰ ਨਾਗਰਿਕ ਦੇਸ਼ ਭਗਤਾਂ ਦੀ ਸੋਚ ਮੁਤਾਬਿਕ ਸੁਖੀ ਹੈ? ਕੀ ਦੇਸ਼ ਦੀ ਆਜਾਦੀ ਦਾ ਮਿਆਰ ਦੇਸ਼ ਭਗਤਾਂ ਦੀ ਸੋਚ ਦੇ ਅਨੁਕੂਲ ਹੈ? ਇਸ ਤੋਂ ਇਲਾਵਾ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚ ਕੇ ਚੰਗੇ ਗੁਣ ਅਪਣਾਉਣ ਦਾ ਸੱਦਾ ਦਿੰਦਿਆਂ ਮਾੜੀ ਸੁਸਾਇਟੀ ਤੋਂ ਬਚਣ ਦਾ ਵੀ ਸੁਨੇਹਾ ਦਿੱਤਾ। ਬਤੌਰ ਮੁੱਖ ਮਹਿਮਾਨ ਪੁੱਜੇ ਮੈਡਮ ਜਸਪਾਲ ਕੌਰ ਜੀਦਾ ਅਤੇ ਉਹਨਾ ਦੇ ਪਤੀ ਦਿਲਬਰ ਸਿੰਘ ਜੀਦਾ ਨੇ ਦੱਸਿਆ ਕਿ ਸੁਸਾਇਟੀ ਦਾ ਉਕਤ ਉਪਰਾਲਾ ਬਹੁਤ ਹੀ ਪ੍ਰਸੰਸਾਯੋਗ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਕਦੀ ਵੀ ਇਸ ਤਰਾਂ ਦਾ ਪ੍ਰੋਗਰਾਮ ਨਹੀਂ ਦੇਖਿਆ। ਉਹਨਾਂ ਮੰਨਿਆ ਕਿ ਅਜਿਹੀਆਂ ਸੁਸਾਇਟੀਆਂ ਤਾਂ ਹਰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਗਲੀ-ਮੁਹੱਲਿਆਂ ਵਿੱਚ ਵੀ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਵਰਤਮਾਨ ਦੌਰ ਵਿੱਚ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣਾ ਬਹੁਤ ਜਰੂਰੀ ਹੈ। ਸਕੂਲ ਮੁਖੀ ਜਗਜੀਵਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ, ਸਹਿਯੋਗੀ ਪਰਿਵਾਰ ਵਲੋਂ ਛੇਵੀਂ ਤੋਂ ਦਸਵੀਂ ਤੱਕ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਦਾ ਨਗਦ ਰਾਸ਼ੀ, ਸਟੇਸ਼ਨਰੀ, ਸਰਟੀਫਿਕੇਟ ਅਤੇ ਮੈਡਲਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਟਰੱਸਟ ਵਲੋਂ ਦਸਵੀਂ ’ਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੇ ਦੋ ਵਿਦਿਆਰਥੀਆਂ ਨੂੰ 1500-1500 ਰੁਪਏ, ਦੂਜੇ ਸਥਾਨ ਵਾਲੇ 1300, ਤੀਜੇ ਵਾਲੇ ਨੂੰ 1000 ਰੁਪਿਆ ਜਦਕਿ ਪੰਜਵੀਂ ਜਮਾਤ ਦਾ ਪਹਿਲਾ 1000, ਦੂਜਾ 700 ਅਤੇ ਤੀਜਾ 500 ਰੁਪਏ ਨਗਦ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਜਿੱਥੇ ਸਕੂਲ ਮੁਖੀ ਸਮੇਤ ਸਟਾਫ ਅਤੇ ਮੁੱਖ ਮਹਿਮਾਨ ਦਾ ਵਿਸ਼ੇਸ਼ ਸਨਮਾਨ ਹੋਇਆ, ਉੱਥੇ ਸਕੂਲ ਵਲੋਂ ਵੀ ਮੁੱਖ ਮਹਿਮਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।