ਪੀਐਸਯੂ ਨੇ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਪ੍ਰਸ਼ਾਸਨ ਖਿਲਾਫ ਕੀਤੀ ਰੋਸ ਰੈਲੀ
ਫਰੀਦਕੋਟ, 14 ਅਗਸਤ (ਪੰਜਾਬ ਡਾਇਰੀ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਪ੍ਰਸ਼ਾਸ਼ਣ ਖ਼ਿਲਾਫ਼ ਰੋਸ ਰੈਲੀ ਕਰਕੇ ਪ੍ਰਿੰਸੀਪਲ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ। ਜ਼ਿਲਾ ਪ੍ਰਧਾਨ ਸੁਖਪ੍ਰੀਤ ਮੌੜ ਨੇ ਦੱਸਿਆ ਕਿ ਜਦੋਂ ਤੋਂ ਨਵੇਂ ਸੈਸ਼ਨ ਦੌਰਨ ਕਲਾਸਾਂ ਸ਼ੁਰੂ ਹੋਈਆਂ ਹਨ ਕਾਲਜ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ ਇੰਨੇ ਵੱਡੇ ਕਾਲਜ ਵਿੱਚ ਕਿਤੇ ਵੀ ਪੀਣ ਯੋਗ ਠੰਡਾ ਪਾਣੀ ਨਹੀਂ ਹੈ । ਗਰਮੀ ਹੋਣ ਕਾਰਨ ਵਿਦਿਆਰਥੀ ਤੰਗ ਪ੍ਰੇਸ਼ਾਨ ਹੋ ਰਹੇ ਹਨ, ਔਰ ਨਾ ਹੀ ਕਾਲਜ ਦੇ ਬਾਥਰੂਮਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ । ਸਰਕਾਰ ਵੱਲੋਂ ਕਾਲਜ ਵਿੱਚ ਬੀ ਏ ਦੀਆਂ ਸੀਟਾਂ ਦਾ ਵਾਧਾ ਕੀਤਾ ਗਿਆ ਹੈ ਪਰ ਕਾਲਜ ਵੱਲੋਂ ਲੇਟ ਫ਼ੀਸ ਲੈ ਕੇ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾ ਰਿਹਾ ਹੈ, ਜਿਸ ਸੰਬੰਧੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਫ਼ਰੀਦਕੋਟ ਦੇ ਵਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਵੀ ਮਿਲ ਕੇ ਆਏ ਹਨ, ਪਰ ਹਜੇ ਤੱਕ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ । ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਇਸ ਲਈ ਪੜ੍ਹਨ ਲਈ ਓਹਨਾਂ ਨੂੰ ਸਾਜਗਾਰ ਮਾਹੌਲ ਦੇਣਾ ਕਾਲਜ ਪ੍ਰਸ਼ਾਸ਼ਣ ਦੀ ਜੁੰਮੇਵਾਰੀ ਹੁੰਦੀ ਹੈ। ਪਰ ਪ੍ਰਸ਼ਾਸ਼ਣ ਆਪਣੀ ਜਿੰਮੇਵਾਰੀ ਨਹੀਂ ਸਮਝਦਾ, ਪਹਿਲਾ ਵੀ ਧਰਨੇ ਪ੍ਰਦਰਸ਼ਣ ਕਰ ਕੇ ਕਾਲਜ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰਵਾਈ ਗਈ ਸੀ । ਓਹਨਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਦਿਕਤਾਂ ਨੂੰ ਹੱਲ ਕਰਵਾਉਣ ਲਈ ਜਥੇਬੰਦ ਹੋ ਕੇ ਸ਼ੰਘਰਸ਼ ਕਰਨ ਦਾ ਸੱਦਾ ਦਿੱਤਾ ।
ਇਸ ਸਬੰਧੀ ਪ੍ਰਿੰਸੀਪਲ ਵੱਲੋਂ ਪੀਣ ਵਾਲੇ ਪਾਣੀ ਦਾ ਜਲਦੀ ਪ੍ਰਬੰਧ ਕਰਨ ਦੇ ਭਰੋਸਾ ਦਿੱਤਾ ਗਿਆ । ਆਗੂਆਂ ਨੇ ਕਿਹਾ ਅਗਰ ਇਹਨਾਂ ਸਮਸਿਆਵਾਂ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ।ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਪਿੰਦਰ ਮੌੜ, ਜੋਬਨ, ਅਰਸ਼, ਨਸੀਬ ਕੌਰ, ਹਰਸਿਮਰਨ ਕੌਰ, ਅਨਾਮਿਕਾ , ਅਰੁਣ ਹਾਜ਼ਰ ਸਨ।