ਬਨਵਾਰੀ ਲਾਲ ਪੁਰੋਹਿਤ ਵੱਲੋਂ ਚੰਡੀਗੜ੍ਹ ਨਗਰ ਨਿਗਮ ਨੂੰ ਪਾਰਕਿੰਗ ਫੀਸ ਦੇ ਫੈਸਲੇ ਦੀ ਸਮੀਖਿਆ ਕਰਨ ਦੀ ਹਦਾਇਤ
ਚੰਡੀਗੜ੍ਹ, 19 ਅਗਸਤ (ਬਾਬੂਸ਼ਾਹੀ)- ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਨਗਰ ਨਿਗਮ ਨੂੰ ਹਦਾਇਤ ਕੀਤੀ ਹੈ ਕਿ ਚੰਡੀਗੜ੍ਹ ਤੋਂ ਬਾਹਰਲੇ ਚਾਰ ਪਹੀਆ ਵਾਹਨਾਂ ਲਈ ਪਾਰਕਿੰਗ ਫੀਸ ਦੁੱਗਣੀ ਕਰਨ ਦੇ ਫੈਸਲੇ ਦੀ ਮੁੜ ਨਜ਼ਰਸਾਨੀ ਕੀਤੀ ਜਾਵੇ।
ਇਹ ਹਦਾਇਤ ਉਹਨਾਂ ਸ਼ੁੱਕਰਵਾਰ ਨੂੰ ਹੋਟਲ ਮਾਉਂਟ ਵਿਊ ਵਿਚ ਹੋਈ ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੀ ਮੀਟਿੰਗ ਦੌਰਾਨ ਕੀਤੀ।
ਪੁਰੋਹਿਤ ਨੇ ਕਿਹਾ ਕਿ ਟ੍ਰਾਇਸਿਟੀ ਦੇ ਲੋਕਾਂ ਵਾਸਤੇ ਤੇ ਬਾਹਰ ਰਹਿਣ ਵਾਲਿਆਂ ਵਾਸਤੇ ਪਾਰਕਿੰਗ ਰੇਟ ਵਿਚ ਫਰਕ ਨਹੀਂ ਰੱਖਿਆ ਜਾ ਸਕਦਾ। ਚੰਡੀਗੜ੍ਹ ਨੂੰ ਪਾਰਕਿੰਗ ਰੇਟ ਇਕਸਾਰ ਹੋਣ ਦੀ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ। ਉਹਨਾਂ ਸ਼ਹਿਰ ਦੇ ਮੇਅਰ ਅਨੂਪ ਗੁਪਤਾ ਤੇ ਨਗਰ ਨਿਗਮ ਕਮਿਸ਼ਨਰ ਆਨੰਦਿੱਤਾ ਮਿੱਤਰਾ ਨੂੰ ਇਹ ਹਦਾਇਤ ਕੀਤੀ।
ਬਾਅਦ ਵਿਚ ਪ੍ਰੈਸ ਕਾਨਫਰੰਸ ਦੌਰਾਨ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਪ੍ਰਸ਼ਾਸਕ ਦੀ ਹਦਾਇਤ ਮੁਤਾਬਕ ਅਸੀਂ ਅਗਲੀ ਹਾਊਸ ਮੀਟਿੰਗ ਦੌਰਾਨ ਫੈਸਲੇ ਦੀ ਸਮੀਖਿਆ ਕਰਾਂਗੇ।
ਦੱਸਣਯੋਗ ਹੈ ਕਿ 25 ਜੁਲਾਈ ਨੂੰ ਹੋਈ ਮੀਟਿੰਗ ਦੌਰਾਨ ਚੰਡੀਗੜ੍ਹ ਨਗਰ ਨਿਗਮ ਨੇ ਟ੍ਰਾਇਸਿਟੀਕਾਰਾਂ ਲਈ ਪਾਰਕਿੰਗ ਫੀਸ ਵਿਚ ਅੰਸ਼ਕ ਵਾਧਾ ਕੀਤਾ ਸੀ ਪਰ ਟ੍ਰਾਇਸਿਟੀ ਤੋਂ ਬਾਹਰ ਰਜਿਸਟਰਡ ਚਾਰ ਪਹੀਆ ਵਾਹਨਾਂ ਵਾਸਤੇ ਪਾਰਕਿੰਗ ਫੀਸ ਦੁੱਗਣੀ ਕਰ ਦਿੱਤੀ ਸੀ।
ਨਗਰ ਨਿਗਮ ਨੇ ਸਾਰੇ ਦੋ ਪਹੀਆ ਵਾਹਨਾਂ ਤੇ ਇਲੈਕਟ੍ਰਿਕ ਚਾਰ ਪਹੀਆ ਵਾਹਨਾਂ ਵਾਸਤੇ 31 ਮਾਰਚ 2027 ਤੱਕ ਪਾਰਕਿੰਗ ਫੀਸ ਮੁਆਫ ਵੀ ਕਰ ਦਿੱਤੀ ਸੀ।
ਨਗਰ ਨਿਗਮ ਦੇ ਇਸ ਫੈਸਲੇ ਦਾ ਪੰਜਾਬ ਤੇ ਹਰਿਆਣਾ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ।
ਅਕਾਲੀ ਦਲ ਦੇ ਵਫਦ ਨੇ ਇਸ ਫੈਸਲੇ ਖਿਲਾਫ ਪੁਰੋਹਿਤ ਨੂੰ ਸ਼ਿਕਾਇਤ ਵੀ ਕੀਤੀ ਸੀ।