ਲੀਬੀਆ ’ਚ ਬੰਧਕ ਬਣਾਏ ਪੰਜਾਬ ਅਤੇ ਹਰਿਆਣਾ ਦੇ 17 ਨੌਜੁਆਨਾਂ ਨੂੰ ਸੁਰੱਖਿਅਤ ਕਢਿਆ ਗਿਆ
ਨਵੀਂ ਦਿੱਲੀ, 21 ਅਗਸਤ (ਰੋਜਾਨਾ ਸਪੋਕਸਮੈਨ)- ਵਿਦੇਸ਼ ਮੰਤਰਾਲੇ ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਲੀਬੀਆ ’ਚ ਇਕ ਹਥਿਆਰਬੰਦ ਸਮੂਹ ਵਲੋਂ ਬੰਧਕ ਬਣਾਏ ਗਏ 17 ਭਾਰਤੀ ਨਾਗਰਿਕਾਂ ਨੂੰ ਸੁਰਖਿਅਤ ਕਢ ਕੇ ਭਾਰਤ ਵਾਪਸ ਲਿਆਂਦਾ ਗਿਆ ਹੈ। ਘਟਨਾਕ੍ਰਮ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਇਹ ਭਾਰਤੀ ਪੰਜਾਬ ਅਤੇ ਹਰਿਆਣਾ ਦੇ ਹਨ।
ਸੂਤਰਾਂ ਨੇ ਦਸਿਆ ਕਿ ਟਿਊਨੀਸ਼ੀਆ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਭਾਰਤੀ ਨਾਗਰਿਕਾਂ ਨੂੰ ਸੁਰਖਿਅਤ ਕੱਢਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਉਥੇ ਫਸੇ ਭਾਰਤੀ ਨਾਗਰਿਕਾਂ ਦੇ ਪ੍ਰਵਾਰਕ ਜੀਆਂ ਨੇ 26 ਮਈ ਨੂੰ ਇਸ ਮਾਮਲੇ ’ਤੇ ਟਿਊਨੀਸ਼ੀਆ ਸਥਿਤ ਭਾਰਤੀ ਸਫ਼ਾਰਤਖ਼ਾਨੇ ਦਾ ਧਿਆਨ ਖਿਚਿਆ ਸੀ।
ਘਟਨਾਕ੍ਰਮ ਨਾਲ ਜੁੜੇ ਜਾਣਕਾਰ ਸੂਤਰਾਂ ਨੇ ਦਸਿਆ ਕਿ ਭਾਰਤੀਆਂ ਨੂੰ ਲੀਬੀਆ ਦੇ ਜਵਾਰਾ ਸ਼ਹਿਰ ’ਚ ਇਕ ਹਥਿਆਰਬੰਦ ਸਮੂਹ ਨੇ ਬੰਧਕ ਬਣਾ ਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਨਾਜਾਇਜ਼ ਰੂਪ ’ਚ ਉਸ ਦੇਸ਼ ਅੰਦਰ ਲਿਆਂਦਾ ਗਿਆ ਸੀ।
ਉਨ੍ਹਾਂ ਕਿਹਾ ਕਿ ਟਿਊਨੀਸ਼ੀਆ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਮਈ ਅਤੇ ਜੂਨ ’ਚ ਲਗਾਤਾਰ ਇਸ ਮਾਮਲੇ ਨੂੰ ਲੀਬੀਆ ਦੇ ਪ੍ਰਸ਼ਾਸਨ ਸਾਹਮਣੇ ਗ਼ੈਰਰਸਮੀ ਜ਼ਰੀਏ ਨਾਲ ਚੁਕਿਆ ਸੀ।
13 ਜੂਨ ਨੂੰ ਲੀਬੀਆ ਪ੍ਰਸ਼ਾਸਨ ਨੇ ਭਾਰਤੀ ਨਾਗਰਿਕਾਂ ਨੂੰ ਬਚਾਉਣ ’ਚ ਸਫ਼ਲਤਾ ਪਾਈ ਪਰ ਨਾਜਾਇਜ਼ ਰੂਪ ’ਚ ਉਸ ਦੇਸ਼ ’ਚ ਦਾਖ਼ਲ ਹੋਣ ਕਾਰਨ ਉਨ੍ਹਾਂ ਨੂੰ ਅਪਣੀ ਹਿਰਾਸਤ ’ਚ ਰਖਿਆ ਹੋਇਆ ਸੀ।
ਸੂਤਰਾਂ ਨੇ ਕਿਹਾ ਕਿ ਟਿਊਨੀਸ਼ੀਆ ’ਚ ਭਾਰਤੀ ਰਾਜਦੂਤ ਅਤੇ ਨਵੀਂ ਦਿੱਲੀ ਤੋਂ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਦਖ਼ਲਅੰਦਾਜ਼ੀ ਨਾਲ ਲੀਬੀਆ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਰਿਹਾਅ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ।
ਉਨ੍ਹਾਂ ਕਿਹਾ ਕਿ ਲੀਬੀਆ ’ਚ ਇਨ੍ਹਾਂ ਭਾਰਤੀ ਨਾਗਰਿਕਾਂ ਦੇ ਰੁਕਣ ਦੌਰਾਨ ਭਾਰਤੀ ਸਫ਼ਾਰਤਖ਼ਾਨੇ ਨੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰਖਿਆ। ਕਿਉਂਕਿ ਇਨ੍ਹਾਂ ਕੋਲ ਕੋਈ ਪਾਸਪੋਰਟ ਨਹੀਂ ਸੀ, ਇਸ ਲਈ ਭਾਰਤ ਤਕ ਦਾ ਸਫ਼ਰ ਕਰਨ ਲਈ ਉਨ੍ਹਾਂ ਨੂੰ ਐਮਰਜੈਂਸੀ ਸਰਟੀਫ਼ੀਕੇਟ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਭਾਰਤ ਪਰਤਣ ਲਈ ਟਿਕਟਾਂ ਦਾ ਭੁਗਤਾਨ ਵੀ ਭਾਰਤੀ ਸਫ਼ਾਰਤਖ਼ਾਨੇ ਨੇ ਕੀਤਾ।