ਸਾਬਕਾ ਡਿਪਟੀ ਸੀ.ਐਮ. ਸੋਨੀ ਨੇ ਵਾਪਸ ਲਈ ਜ਼ਮਾਨਤ ਅਰਜ਼ੀ, ਨਵੇਂ ਤੱਥਾਂ ਨਾਲ ਮੁੜ ਦਾਇਰ ਕਰਨਗੇ ਪਟੀਸ਼ਨ
ਅੰਮ੍ਰਿਤਸਰ, 24 ਅਗਸਤ (ਰੋਜਾਨਾ ਸਪੋਕਸਮੈਨ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਅਪਣੀ ਜ਼ਮਾਨਤ ਅਰਜ਼ੀ ਵਾਪਸ ਲੈ ਲਈ। ਉਨ੍ਹਾਂ ਨੇ ਅਪਣੇ ਵਕੀਲ ਜ਼ਰੀਏ ਕਿਹਾ ਕਿ ਫਿਲਹਾਲ ਉਹ ਸੀ.ਆਰ.ਪੀ.ਸੀ. ਦੀ ਧਾਰਾ 439 ਅਧੀਨ ਜ਼ਮਾਨਤ ਅਰਜ਼ੀ ਨਹੀਂ ਲਗਾਉਣਾ ਚਾਹੁੰਦੇ, ਜਿਸ ਕਾਰਨ ਉਹ ਅਰਜ਼ੀ ਵਾਪਸ ਲੈ ਰਹੇ ਹਨ।
ਓ.ਪੀ. ਸੋਨੀ ਦੀ ਤਰਫੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੇਨੀ ਪੇਸ਼ ਹੋਏ। ਜਿਨ੍ਹਾਂ ਨੇ ਅਰਜ਼ੀ ਵਾਪਸ ਲੈਣ ਦੀ ਗੱਲ ਕਹੀ। ਇਸ ਦੇ ਨਾਲ ਹੀ ਸੋਨੀ ਨੇ ਅਦਾਲਤ ‘ਚ ਕਿਹਾ ਕਿ ਉਹ ਜਲਦ ਹੀ ਨਵੀਂ ਜ਼ਮਾਨਤ ਅਰਜ਼ੀ ਦਾਇਰ ਕਰਨਗੇ, ਜੋ ਨਵੇਂ ਤੱਥਾਂ ‘ਤੇ ਅਧਾਰਤ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਜ਼ਮਾਨਤ ‘ਤੇ ਸੁਣਵਾਈ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ।
ਸੋਨੀ ਦੇ ਹਸਪਤਾਲ ‘ਚ ਰਹਿਣ ‘ਤੇ ਵਿਜੀਲੈਂਸ ਵਲੋਂ ਸਵਾਲ ਚੁੱਕੇ ਗਏ ਸਨ। ਜਿਸ ਤੋਂ ਬਾਅਦ ਅਦਾਲਤ ਨੇ ਸੋਨੀ ਦੀ ਮੈਡੀਕਲ ਜਾਂਚ ਕਰਵਾਉਣ ਲਈ ਕਿਹਾ ਸੀ, ਜਿਸ ਦੀ ਰੀਪੋਰਟ ਤਿੰਨ ਦਿਨ ਪਹਿਲਾਂ ਦਾਖਲ ਕਰ ਦਿਤੀ ਗਈ ਸੀ।
ਓ.ਪੀ. ਸੋਨੀ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਨੇ ਉਨ੍ਹਾਂ ਨੂੰ ਪਹਿਲੀ ਵਾਰ 25 ਨਵੰਬਰ 2022 ਨੂੰ ਤਲਬ ਕੀਤਾ ਸੀ। ਕਰੀਬ 8 ਮਹੀਨਿਆਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਵਿਜੀਲੈਂਸ ਦਫਤਰ ਵਿਚ ਐਫ.ਆਈ.ਆਰ. ਦਰਜ ਹੋਣ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ।
ਵਿਜੀਲੈਂਸ ਅਨੁਸਾਰ 1 ਅਪ੍ਰੈਲ 2016 ਤੋਂ 31 ਮਾਰਚ 2022 ਤਕ ਸਾਬਕਾ ਡਿਪਟੀ ਸੀ.ਐਮ. ਸੋਨੀ ਅਤੇ ਉਨ੍ਹਾਂ ਦੇ ਪ੍ਰਵਾਰ ਦੀ ਆਮਦਨ 4.52 ਕਰੋੜ ਰੁਪਏ ਸੀ, ਜਦਕਿ ਖਰਚਾ 12.48 ਕਰੋੜ ਰੁਪਏ ਸੀ। ਉਨ੍ਹਾਂ ਦਾ ਖਰਚ ਆਮਦਨ ਦੇ ਸਰੋਤ ਨਾਲੋਂ 7.96 ਕਰੋੜ ਰੁਪਏ ਵੱਧ ਸੀ।