ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ
ਚੰਡੀਗੜ੍ਹ 31 ਅਗਸਤ (ਪੰਜਾਬ ਡਾਇਰੀ)- ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਯੋਗ ਅਗਵਾਈ ਵਿਚ ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਵੱਖ ਵੱਖ ਸਮਾਗਮਾਂ ਦੌਰਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਪੰਥਕ ਤਾਲਮੇਲ ਸੰਗਠਨ ਦੇ ਸਹਿਯੋਗ ਨਾਲ ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰਗੰਜ ਲੁਧਿਆਣਾ ਦੇ ਬਾਬਾ ਗੁਰਮੁੱਖ ਸਿੰਘ ਹਾਲ ਵਿਖੇ ‘ਸਿੰਘ ਸਭਾ ਲਹਿਰ ਦੀ ਸਥਾਪਨਾ ਅਤੇ ਦੇਣ’ ਵਿਸ਼ੇ ਉੱਪਰ ਵਿਚਾਰ ਗੋਸ਼ਟੀ ਕਰਵਾਈ ਗਈ।
ਸਮਾਗਮ ਦੀ ਸ਼ੁਰੂਆਤ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਸਾਹਿਬ ਨੇ ਅਰਦਾਸ ਕਰਨ ਉਪਰੰਤ ਆਪਣੇ ਸਵਾਗਤੀ ਭਾਸ਼ਣ ਨਾਲ ਕੀਤੀ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅੱਜ ਵੀ ਇਤਿਹਾਸ ਰਚਿਆ ਜਾ ਰਿਹਾ ਹੈ। ਇਸ ਮੌਕੇ ਭਾਈ ਬਲਬੀਰ ਸਿੰਘ ਭੱਠਲ ਭਾਈ ਕੇ ਦੇ ਢਾਡੀ ਜੱਥੇ ਨੇ ਸਿੰਘ ਸਭਾ ਲਹਿਰ ਦੇ ਸਬੰਧ ਵਿਚ ਜੋਸ਼ੀਲੀਆਂ ਵਾਰਾਂ ਗਾ ਕੇ ਸੰਗਤ ਵਿਚ ਆਪਣੀ ਭਰਵੀਂ ਹਾਜ਼ਰੀ ਲਵਾਈ।
ਇਸ ਮੌਕੇ ਸਾਰੰਗੀ ਮਾਸਟਰ ਰਵਿੰਦਰ ਸਿੰਘ ਦੇ ਸਹਿਯੋਗ ਨਾਲ ਬੀਬੀ ਸਰਬਜੀਤ ਕੌਰ ਅਤੇ ਬੀਬੀ ਰਾਜਵਿੰਦਰ ਕੌਰ ਨੇ ‘ਸੇਵਾ ਤੇ ਸਿਮਰਨ ਨੇ ਹੀ ਤੇਰਾ ਜੀਵਨ ਸਫ਼ਲ ਬਣਾਉਣਾ’ ਅਤੇ ਦੁਨੀਆਂ ਦੇ ਵਿਚ ਚਰਚੇ ਹੋ ਗਏ ਸਿੰਘ ਸਭੀਏ ਸਰਦਾਰਾਂ ਦੇ’ ਵਾਰਾਂ ਸੁਣਾਈਆਂ।
ਇਸ ਮੌਕੇ ਸਟੇਜ ਦੀ ਸੇਵਾ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਨੇ ਨਿਭਾਈ। ਡਾ. ਨਿਰਪਾਲ ਸਿੰਘ ਨੇ ਕਿਹਾ ਕਿ ਸਿੱਖਿਆ ਸਿਸਟਮ ਨੂੰ ਲੈ ਕੇ ਤਿੰਨ ਧਿਰਾਂ ਵਿਚ ਆਪਸੀ ਟਕਰਾਅ ਪੈਦਾ ਹੋ ਗਿਆ ਸੀ। ਜਿਨ੍ਹਾਂ ਵਿਚ ਆਰੀਆ ਸਮਾਜ, ਬ੍ਰਿਟਿਸ਼ ਅਤੇ ਸਿੰਘ ਸਭਾ ਲਹਿਰ ਆਹਮੋ-ਸਾਹਮਣੇ ਸਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦਾ ਦਾਊ ਸਿੰਘ ਸਿਰਫ਼ ਇਸਾਈ ਹੀ ਨਹੀਂ ਬਣਿਆ, ਸਗੋਂ ਉਸ ਨੇ ਇਸਾਈ ਧਰਮ ਦਾ ਪ੍ਰਚਾਰ ਵੀ ਕੀਤਾ।
ਡਾ. ਸਰਬਜੀਤ ਸਿੰਘ ਰੇਨੂਕਾ ਨੇ ਕਿਹਾ ਕਿ ਵਿਚਾਰਨ ਵਾਲੀ ਗੱਲ ਹੈ ਕਿ ਕਿਵੇਂ ਪਿਆਰ ਨਾਲ ਸਿੰਘ ਸਭਾ ਲਹਿਰ ਚੱਲੀ ਅਤੇ ਸਰੂਪ ਦੀ ਮਹੱਤਤਾ ਦੱਸੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਕਮਿਉਨਿਟੀ ਸੁਭਾਅ ਨੂੰ ਸਮਝੀਏ। ਉਨ੍ਹਾਂ ਕਿਹਾ ਕਿ ਸੋਨੇ ਦੀਆਂ ਇਮਾਰਤਾਂ ਬਣਾਉਣ ਦੀ ਲੋੜ ਨਹੀਂ ਹੈ।
ਡਾ. ਸੰਦੀਪ ਕੌਰ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਭਾਰਤ ਵਿਚ ਪੱਤਰਕਾਰੀ ਬਹੁਤ ਦੇਰੀ ਪਿੱਛੋਂ ਸ਼ੁਰੂ ਹੋਈ, ਪਰ ਪੰਜਾਬ ਵਿੱਚ ਉਸ ਤੋਂ ਵੀ ਕਿਤੇ ਬਾਅਦ ਵਿੱਚ ਸ਼ੁਰੂ ਹੋਈ। ਸ. ਪਰਮਜੀਤ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਸਿੰਘ ਸਭਾ ਲਹਿਰ ਆਈ ਸੀ, ਤਾਂ ਕਿਉਂ ਆਈ ਸੀ, ਤੇ ਕੀ ਅੱਜ ਚੁਣੌਤੀਆਂ ਖ਼ਤਮ ਹੋ ਗਈਆਂ ਹਨ?
ਉਨ੍ਹਾਂ ਕਿਹਾ ਸਾਨੂੰ ਆਉਣ ਵਾਲੇ ਅਗਲੇ ਪੰਜਾਹ ਸਾਲਾਂ ਦੀਆਂ ਚੁਣੌਤੀਆਂ ਦੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਸਮਾਗਮਾ ਵਿਚ ਯੋਗਦਾਨ ਪਾਉਂਦਿਆਂ ਐਂਟਰਪ੍ਰੀਨਿਊਰਸ਼ਿਪ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਉਦੇਸ਼ਾਂ ’ਤੇ ਪਹਿਰਾ ਦੇਣ ਦੀ ਗੱਲ ਕੀਤੀ। ਉਨ੍ਹਾਂ ਕਿਹਾ, ਜੇਕਰ ਜੱਥੇਦਾਰ ਅਕਾਲ ਤਖ਼ਤ ਸਾਰੀਆਂ ਜੱਥੇਬੰਦੀਆਂ ਨੂੰ ਸਿੱਖਿਆ ਲਈ ਦਸਵੰਧ ਕੱਢਣ ਦਾ ਹੁਕਮ ਦੇਣ ਤਾਂ ਇਕ ਵੱਡਾ ਬਦਲਾਅ ਆ ਸਕਦਾ ਹੈ।
ਸ. ਜਸਵੰਤ ਸਿੰਘ ਜਫ਼ਰ ਨੇ ਕਿਹਾ ਕਿ ਸ਼ਬਦ, ਹੁਕਮ ਅਤੇ ਨਾਮ ਤਿੰਨੋ ਵੱਖੋ-ਵੱਖ ਹਨ। ਉਨ੍ਹਾਂ ਕਿਹਾ ਸਿੰਘ ਸਭਾ ਲਹਿਰ ਦਾ ਜ਼ੋਰ ਦੱਸਦਾ ਹੈ ਕਿ ਅਸੀਂ ਹਿੰਦੂ ਨਹੀਂ ਹਾਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ‘ਭਾਈ’ ਬਣਾਇਆ ਸੀ ਪਰ ਚੌਧਰ ਨੇ ਸਾਨੂੰ ‘ਸਰਦਾਰֺ’ ਬਣਾਇਆ। ਸਿੰਘ ਸਭਾ ਲਹਿਰ ਨੇ ‘ਭਾਈ’ ਸ਼ਬਦ ਨੂੰ ਪੱਕਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿੱਛੜੇ ਗੁਰਧਾਮਾਂ ਦੀ ਸੇਵਾ ਸੰਭਾਲ ਤਾਂ ਮੰਗਦੇ ਹਾਂ, ਪਰ ਜਿਹੜੇ ਨਹੀਂ ਵਿੱਛੜੇ, ਉਨ੍ਹਾਂ ਦੀ ਸੇਵਾ ਸੰਭਾਲ ਦਾ ਕੀ ਹਾਲ ਹੈ।
ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਦਲ ਲਿਆਉਣ ਦੀ ਥਾਂ ਦੱਬ ਕੇ ਰਹਿ ਗਈ ਹੈ। ਸਾਨੂੰ ਇਕ ਸਿਰ ਹੋਣ ਦੀ ਲੋੜ ਹੈ। ਸਿੰਘ ਸਭਾ ਦਾ ਅਰਥ ਗੁਰੂਦੁਆਰਿਆਂ ਰਾਹੀਂ ਸਿੱਖਾਂ ਨੂੰ ਜੋੜਿਆ ਜਾਵੇ। ਪਰ ਅਸੀਂ ਅੰਦਰੋਂ ਅੰਦਰੀਂ ਆਰ ਐਸ ਐਸ ਦੇ ਅਧੀਨ ਹੋ ਗਏ। ਵਕੀਲ ਜਸਵਿੰਦਰ ਸਿੰਘ ਨੇ ਕਿਹਾ ਕਿ ਅੱਜ ਐਜੂਕੇਸ਼ਨ ਦੀ ਸਖ਼ਤ ਲੋੜ ਹੈ, ਜਿਸ ਦੇ ਲਈ ਦਸਵੰਧ ਦੇਣ ਵਾਲੇ ਵੀ ਤਿਆਰ ਕਰਨੇ ਚਾਹੀਦੇ ਹਨ।
ਪ੍ਰੋ. ਮਨਜੀਤ ਸਿੰਘ ਸਾਬਕਾ ਜੱਥੇਦਾਰ ਨੇ ਆਪਣੇ ਵਿਚਾਰ ਸੰਗਤ ਦੇ ਅੱਗੇ ਰੱਖਦਿਆਂ ਕਿਹਾ ਕਿ ਸਿੰਘ ਸਭਾ ਨੂੰ ਬਹੁਤ ਚਿੰਤਾ ਹੈ, ਸਾਨੂੰ ਸਭ ਨੂੰ ਗੁਰੂ ਸਾਹਿਬ ਦੇ ਨੁੱਕਤੇ ਧਿਆਨ ਵਿਚ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ‘ਮਨਾਉਣਾ’ ਸ਼ਬਦ ਉਪਰ ਧਿਆਨ ਦੇਣ ਦੀ ਲੋੜ ਹੈ, ਸਾਨੂੰ ਗੁਰੂ ‘ਤੇ, ਆਪਣਿਆਂ ’ਤੇ, ਆਪਣੇ ਆਪ ‘ਤੇ ਭਰੋਸਾ ਕਰਨਾ ਪਵੇਗਾ। ਡਾ. ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਸਿੰਘ ਸਭਾ ਲਹਿਰ ਦੇ 150ਵੇਂ ਸਾਲ ਮੌਕੇ ਕੀਤੇ ਜਾ ਰਹੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਸਮਾਂ ਸੰਭਾਲਣ ਦੀ ਲੋੜ ਹੈ।
ਅੰਤ ਵਿੱਚ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਸ. ਰਣਜੋਤ ਸਿੰਘ ਨੇ ਸਾਰੇ ਬੁਲਾਰਿਆਂ ਅਤੇ ਸ੍ਰੋਤਿਆਂ ਦਾ ਇਸ ਵਿਚਾਰ- ਗੋਸ਼ਟੀ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।
ਇਸ ਮੌਕੇ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪ੍ਰੋ. ਮਨਿੰਦਰਪਾਲ ਸਿੰਘ, ਮਹਿੰਦਰ ਸਿੰਘ ਮੋਰਿੰਡਾ, ਡਾ. ਸਰਬਜੀਤ ਸਿੰਘ ਰੇਣੁਕਾ, ਪਰਮਜੀਤ ਸਿੰਘ ਚੰਡੀਗੜ੍ਹ, ਸੰਦੀਪ ਸਿੰਘ (ਐਡੀਟਰ) ਅਤੇ ਪੱਤਰਕਾਰ ਮੇਜਰ ਸਿੰਘ ਪੰਜਾਬੀ ਨੇ ਵੀ ਸ਼ਿਰਕਤ ਕੀਤੀ।