ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਰਸਤੇ ਭਾਰਤ ਪਾਕਿ ਵਪਾਰ ਬਹਾਲ ਕਰਵਾਓੁਣ ਦੀ ਮੁਹਿੰਮ ਕੀਤੀ ਤੇਜ
ਫਰੀਦਕੋਟ, 14 ਸਤੰਬਰ (ਪੰਜਾਬ ਡਾਇਰੀ)- ਕਿਰਤੀ ਕਿਸਾਨ ਯੂਨੀਅਨ ਨੇ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਭਾਰਤ-ਪਾਕਿਸਤਾਨ ਵਪਾਰ ਖੋਲ੍ਹਣ ਦੀ ਮੰਗ ਨੂੰ ਲੈ ਕੇ 18 ਸਤੰਬਰ ਨੂੰ ਅਟਾਰੀ ਵਿਖੇ ਅਤੇ 20 ਸਤੰਬਰ ਨੂੰ ਹੁਸੈਨੀਵਾਲਾ ਵਿਖੇ ਕੀਤੀਆਂ ਜਾ ਰਹੀਆਂ ਵਿਸ਼ਾਲ ਕਾਨਫਰੰਸਾਂ ਦੀਆਂ ਤਿਆਰੀਆਂ ਜੋਰਾਂ ਤੇ ਚਲ ਰਹੀਆਂ ਨੇ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ,ਸੁਰਿੰਦਰਪਾਲ ਦਬੜੀਖਾਨਾ ਤੇ ਸਰਦੂਲ ਸਿੰਘ ਕਾਸਿਮਭੱਟੀ ਨੇ ਕਿਹਾ ਕੇ ਮੁੰਬਈ ਤੋ ਕਰਾਚੀ ਤੋ 1037 ਕਿਲੋਮੀਟਰ ਤੇ ਮੁੰਦਰਾ ਬੰਦਰਗਾਹ ਤੋ ਕਰਾਚੀ 560 ਕਿਲੋਮੀਟਰ ਸਮੁੰਦਰੀ ਰਸਤਾ ਹੈ ਤੇ ਇਸ ਰਸਤੇ ਵਪਾਰ ਚੱਲ ਰਿਹਾ ਹੈ।ਜਦਕਿ ਅਮ੍ਰਿਤਸਰ ਤੋ ਲਾਹੌਰ 54 ਕਿਲੋਮੀਟਰ ਤੇ ਫਿਰੋਜ਼ਪੁਰ ਤੋ ਕਸੂਰ 25 ਕਿਲੋਮੀਟਰ ਸੜਕੀ ਰਸਤੇ ਵਪਾਰ ਬੰਦ ਹੈ।ਜੋ ਕੇ ਸਸਤਾ ਪਵੇਗਾ ਤੇ ਓੁੱਤਰੀ ਭਾਰਤ ਦੀ ਆਰਥਿਕਤਾ ਲਈ ਲਾਹੇਵੰਦ ਹੋਵੇਗਾ।
ਆਗੂਆਂ ਕਿਹਾ ਦੋਨਾਂ ਮੁਲਕਾਂ ਚ 350 ਵਸਤਾਂ ਦਾ ਵਪਾਰ ਹੁੰਦਾ ਰਿਹਾ ਹੈ ਜਿਸਤੋ ਸਾਫ ਹੈ ਕਿ ਦੋਨੋ ਮੁਲਕ ਇੱਕ ਦੂਜੇ ਤੇ ਕਿੰਨੇ ਨਿਰਭਰ ਨੇ।ਪਰ ਕੇਦਰ ਸਰਕਾਰ ਕਾਰਪੋਰੇਟ ਨੂੰ ਲਾਭ ਦੇਣ ਲਈ ਸਮੁੰਦਰੀ ਰਸਤੇ ਵਪਾਰ ਕਰ ਰਹੀ ਤੇ ਸੜਕੀ ਰਸਤੇ ਬੰਦ ਕੀਤਾ ਹੋਇਆ ਹੈ।ਸੜਕੀ ਰਸਤੇ ਵਪਾਰ ਖੁਲਵਾਓੁਣ ਲਈ ਕਿਸਾਨ ਮਜਦੂਰ ਟਰਾਂਸਪੋਰਟਰ ਛੋਟੇ ਵਪਾਰੀ ਆਦਿ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਿਓਕਿ ਇਹ ਮਸਲਾ ਸਮੁੱਚੇ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ।
ਕਿਸਾਨ ਆਗੂਆਂ ਕਿਹਾ ਕੇ ਭਾਰਤ ਸਰਕਾਰ ਨੇ 2019 ’ਚ ਪਾਕਿਸਤਾਨ ਨੂੰ ਵਪਾਰ ਲਈ ਅਨੁਕੂਲ ਦੇਸ਼ ਦੀ ਸੂਚੀ ਵਿੱਚੋਂ ਖਾਰਜ ਕਰਕੇ ਗੈਰ-ਜ਼ਰੂਰੀ ਵਸਤਾਂ ਉੱਪਰ 200% ਰੈਗੂਲੇਟਰੀ ਡਿਊਟੀ ਲਗਾ ਦਿੱਤੀ ਸੀ। ਇਸਦੇ ਬਾਵਜੂਦ ਦੋਵੇਂ ਦੇਸ਼ਾਂ ਵਿਚਕਾਰ 1.35 ਅਰਬ ਡਾਲਰ ਦੀ ਰਕਮ ਦੇ ਲਗਭਗ ਵਪਾਰ ਹੋ ਰਿਹਾ ਹੈ ਜਿਸ ਵਿੱਚ ਭਾਰਤ ਤੋਂ ਖੰਡ, ਕਪਾਹ ਸਮੇਤ ਕਈ ਵਸਤਾਂ ਪਾਕਿਸਤਾਨ ਭੇਜੀਆਂ ਜਾਂਦੀਆਂ ਹਨ। ਪ੍ਰੰਤੂ ਇਹ ਵਪਾਰ ਜਿਆਦਾਤਰ ਮੁੰਦਰਾ ਬੰਦਰਗਾਹ (ਗੁਜਰਾਤ) ਤੋਂ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ।ਖੁਦ ਭਾਜਪਾ ਦੀ ਕੇਂਦਰ ਸਕਰਾਰ ਦੇ ਵਪਾਰ ਅਤੇ ਸਨਅਤ ਦੀ ਰਾਜ ਮੰਤਰੀ ਅਨੁਪ੍ਰੀਯਾ ਪਟੇਲ ਦੇ ਲੋਕ ਸਭਾ ਵਿੱਚ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਮੌਜੂਦਾ ਸਮੇਂ 1.35 ਅਰਬ ਡਾਲਰ ਦਾ ਵਪਾਰ ਹੋ ਰਿਹਾ ਹੈ, ਜੇਕਰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ਰਾਹੀਂ ਇਹ ਖੋਲਿ੍ਹਆ ਜਾਵੇ ਤਾਂ ਇਸਦੇ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਹਨ।
ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅੱਜ ਕਿਸਾਨੀ ਅਤੇ ਪੰਜਾਬ ਦੀ ਖੇਤੀ ਅਧਾਰਿਤ ਆਰਥਿਕਤਾ ਸੰਕਟਗ੍ਰਸਤ ਹੈ, ਇਸਨੂੰ ਪੈਰਾਂ ਸਿਰ ਕਰਨ ਦੀ ਫੌਰੀ ਲੋੜ ਹੈ ਜਦੋਂਕਿ ਪਾਕਿਸਤਾਨ ਬੀਤੇ ਸਮੇਂ ਤੋਂ ਖੁਰਾਕੀ ਵਸਤਾਂ ਦੀ ਥੁੜ ਅਤੇ ਮਹਿੰਗਾਈ ਨਾਲ ਜੂਝ ਰਿਹਾ ਹੈ। ਸਾਡੇ ਇੱਥੋਂ ਅਨਾਜ, ਫ਼ਲ-ਗਿਰੀਆਂ, ਸਬਜੀਆਂ ਸਮੇਤ ਟਮਾਟਰ ਟਮਾਟਰ-ਪਿਆਜ, ਕਪਾਹ, ਜੀਰਾ, ਖਜੂਰਾਂ, ਕੇਲਾ ਅਤੇ ਹੋਰ ਖੁਰਾਕੀ ਵਸਤਾਂ ਦੀ ਪਾਕਿਸਤਾਨ ਵਿੱਚ ਵੱਡੀ ਮਾਤਰਾ ’ਚ ਖਪਤ ਹੋ ਸਕਦੀ ਹੈ। ਫ਼ਸਲੀ ਵਿਭਿੰਨਤਾ ਨੂੰ ਧਿਆਨ ’ਚ ਰਖਦਿਆਂ ਜੇਕਰ ਪੰਜਾਬ ’ਚ ਇਨ੍ਹਾਂ ਦੀ ਪੈਦਾਵਾਰ ਲਈ ਕਿਸਾਨਾਂ ਨੂੰ ਲਾਹੇਵੰਦ ਭਾਅ ਦੇ ਕੇ ਉਤਸ਼ਾਹਿਤ ਕੀਤਾ ਜਾਵੇ ਤਾਂ ਪਾਣੀ ਦੀ ਬਚਤ ਦੇ ਨਾਲ-ਨਾਲ ਇਹ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਸਾਧਨ ਵੀ ਬਣੇਗੀ।
ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅੱਜ ਤੁਸ਼ਟੀਕਰਨ ਦੇ ਨਾਂ ਹੇਠ ਦੇਸ਼ ਵਿੱਚ ਭਾਜਪਾ ਵੱਲੋਂ ਘੱਟ ਗਿਣਤੀਆਂ ਅਤੇ ਆਦਿਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਫਿਰਕੂ-ਧਰੁਵੀਕਰਨ ਦੇ ਯਤਨਾਂ ਵਿੱਚ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੀ ਮੰਗ ਕਰਨ ਵਾਲਿਆਂ ਨੂੰ ਅਕਸਰ ਦੇਸ਼ ਵਿਰੋਧੀ ਗਰਦਾਰ ਦਿੱਤਾ ਜਾਂਦਾ ਪ੍ਰੰਤੂ ਹਕੀਕਤ ਇਹ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਸਮੁੰਦਰੀ ਰਸਤਿਆਂ ਰਾਹੀਂ ਵਪਾਰ ਹੋ ਰਿਹਾ ਹੈ। ਭਾਰਤ ਦੇ ਪਕਿਸਤਾਨ ਵਿਚਲੇ ਡਿਪਟੀ ਹਾਈ ਕਮਿਸ਼ਨਰ ਸੁਰੇਸ਼ ਕੁਮਾਰ ਵੱਲੋਂ 17 ਮਾਰਚ 2023 ਨੂੰ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਜੱਥੇਬੰਦੀ ਦੇ ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਮੁੰਦਰਾ ਬੰਦਰਗਾਹ ਤੋਂ ਵਪਾਰ ਹੋ ਸਕਦਾ ਹੈ ਤਾਂ ਫਿਰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ’ਤੇ ਰੋਕਾਂ ਕਿਉਂ ਹਨ?
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਹ ਵਪਾਰ ਖੁਲਵਾਓੁਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋ ਵਿੱਢੀ ਮੁਹਿੰਮ ਦੀ ਸਮੁੱਚੇ ਪੰਜਾਬ ਹਿਤੈਸ਼ੀਆਂ ਨੂੰ ਹਮਾਇਤ ਕਰਨ ਦੀ ਅਪੀਲ ਕੀਤੀ ਹੈ ਤੇ 18 ਸਤੰਬਰ ਅਟਾਰੀ ਤੇ 20 ਸਤੰਬਰ ਨੂੰ ਹੁਸੈਨੀਵਾਲਾ ਕਾਨਫਰੰਸ ਚ ਵੱਧ ਚੜਕੇ ਸ਼ਮੂਲ਼ੀਅਤ ਕਰਨ ਦਾ ਸੱਦਾ ਦਿੱਤਾ ਹੈ।ਆਗੂਆਂ ਕਿਹਾ ਕੇ ਪਿੰਡਾਂ ਚ ਮੀਟਿੰਗ ਰੈਲੀਆਂ ਕਰਕੇ ਲਾਮਬੰਦੀ ਕੀਤੀ ਜਾ ਰਹੀ ਹੈ ਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।