ਬਿਜਲੀ ਮੁਲਾਜਮਾਂ ਨੇ ਐਸਮਾ ਕਨੂੰਨ ਦੀਆਂ ਸਾੜੀਆਂ ਕਾਪੀਆਂ
ਫਰੀਦਕੋਟ, 14 ਸਤੰਬਰ (ਪੰਜਾਬ ਡਾਇਰੀ)- ਜੁਆਇੰਟ ਫ਼ੋਰਮ ਪੰਜਾਬ ਦੇ ਸੱਦੇ ਤੇ ਪਾਵਰਕੌਮ ਅਤੇ ਟਰਾਸਕੋਂ ਦੀ ਮੈਨੇਜਮੈਂਟ ਵੱਲੋ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਲਾਗੂ ਨਾ ਕਰਨ ਦੇ ਵਿਰੋਧ ਵਜੋਂ ਅਤੇ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਤੇ ਐਸਮਾ ਕਨੂੰਨ ਲਾਗੂ ਕਰਨ ਦੇ ਵਿਰੋਧ ਵਜੋਂ ਬਿਜਲੀ ਦਫਤਰ ਫਰੀਦਕੋਟ ਦੇ ਗੇਟ ਤੇ ਐਸਮਾ ਕਨੂੰਨ ਦੀਆਂ ਕਾਪੀਆਂ ਸਾੜ ਕੇ ਅਰਥੀ ਫੂਕ ਰੈਲੀ ਕੀਤੀ ਗਈ, ਜਿਸ ਵਿੱਚ ਪਾਵਰਕੌਮ ਅਤੇ ਟਰਾਸਸਕੋ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਰੈਲੀ ਦੀ ਪ੍ਰਧਾਨਗੀ ਸਾਥੀ ਜਸਪਾਲ ਸਿੰਘ ਪ੍ਰਧਾਨ ਦਿਹਾਤੀ ਸਬ ਡਵੀਜਨ ਅਤੇ ਮਹਾਵੀਰ ਸਿੰਘ ਮੀਤ ਪ੍ਰਧਾਨ ਸ਼ਹਿਰੀ ਸਬ ਡਵੀਜ਼ਨ ਨੇ ਕੀਤੀ। ਸਰਕਲ ਸਕੱਤਰ ਹਰਪ੍ਰੀਤ ਸਿੰਘ ਨੇ ਪ੍ਰੈੱਸ ਦੇ ਨਾਮ ਤੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਵਰਕੌਮ ਦੀ ਮੈਨੇਜਮੈਂਟ ਨਾਲ ਮੀਟਿੰਗਾਂ ਦੌਰਾਨ ਜ਼ੋ ਸਹਿਮੀਆਂ ਹੋਈਆਂ ਸਨ ਉਨ੍ਹਾਂ ਨੂੰ ਲਾਗੂ ਨਾ ਕਰਨ ਕਰਕੇ ਮੁਲਾਜ਼ਮਾਂ ਵਿੱਚ ਬਹੁਤ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਮੈਨੇਜਮੈਂਟ ਵਾਰ ਵਾਰ ਮੰਗਾਂ ਮੰਨ ਕੇ ਲਾਗੂ ਨਹੀਂ ਕਰ ਰਹੀ ਮੁਲਾਜ਼ਮਾਂ ਦੇ ਮੁੱਖ ਮਸਲੇ ਸੀ ਆਰ ਏ 295/19 ਨਾਲ ਸਬੰਧਤ ਸਾਥੀਆਂ ਨੂੰ ਰੈਗੂਲਰ ਕਰਕੇ ਤਨਖ਼ਾਹਾਂ ਜਾਰੀ ਕਰਨ, ਜੇਲ੍ਹ ਵਿੱਚੋਂ ਜ਼ਮਾਨਤ ਤੇ ਰਿਹਾਅ ਹੋਏ 25 ਸਾਥੀਆਂ ਨੂੰ ਡਿਊਟੀ ਤੇ ਜੁਆਇੰਨ ਕਰਵਾਉਣ, ਝੂਠੇ ਪਰਚੇ ਰੱਦ ਕਰਨ,ਓ ਸੀ ,ਆਰ ਟੀ ਐੱਮ ਅਤੇ ਹੋਰ ਬਰਾਬਰ ਦੀਆਂ ਕੈਟਾਗਰੀਆਂ ਨੂੰ ਪੇ ਬੈਂਡ ਦੇਣ,ਸਬ ਸਟੇਸ਼ਨ ਸਟਾਫ਼ ਨੂੰ ਬਣਦੀ ਸੁਰੱਖਿਆ ਦੇਣੀ,ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੇ ਸਕੇਲ ਲਾਗੂ ਕਰਨ,ਪੇ ਅਨਾਮਲੀਆ ਨੂੰ ਦੂਰ ਕਰਨ,ਖੋਹੇ ਭੱਤੇ ਬਹਾਲ ਕਰਨ, ਮੁਬਾਇਲ ਭੱਤੇ ਨੂੰ ਮੁੜ ਲਾਗੂ ਕਰਨ, ਸਾਰੀਆਂ ਕੈਟਾਗਰੀਆਂ ਨੂੰ ਤਰੱਕੀਆਂ ਦੇਣ, ਮਿਰਤਕਾਂ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ ਆਦਿ ਮੰਗਾਂ ਨੂੰ ਲਾਗੂ ਕੀਤਾ ਜਾਵੇ, ਨਹੀਂ ਤਾਂ ਸਘੰਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਮੁਲਾਜ਼ਮ ਵਰਗ ਤੇ ਐਸਮਾ ਕਨੂੰਨ ਲਾਗੂ ਕਰਨ ਦੇ ਵਿਰੋਧ ਵਜੋਂ ਪੰਜਾਬ ਸਰਕਾਰ ਦੇ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ ਗਈ ਅਤੇ ਰੈਲੀ ਤੋਂ ਤੁਰੰਤ ਬਾਅਦ ਅਰਥੀ ਫੂਕੀ ਗਈ। ਆਗੂਆਂ ਨੇ ਦੱਸਿਆ ਕਿ ਜੇਕਰ ਫਿਰ ਵੀ ਮੰਨੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਸਰਕਲ ਪੱਧਰ ਦੇ ਧਰਨੇ ਅਤੇ ਪੰਜਾਬ ਪੱਧਰ ਦਾ ਧਰਨਾ ਵੀ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪਾਵਰਕੌਮ ਅਤੇ ਟਰਾਸਸਕੋ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਰੈਲੀ ਵਿਚ ਹੋਰਨਾਂ ਬੁਲਾਰਿਆਂ ਤੋਂ ਇਲਾਵਾ , ਡਵੀਜ਼ਨ ਆਗੂ ਗੁਰਪ੍ਰੀਤ ਸਿੰਘ , ਰੁਪਿੰਦਰ ਸ਼ਰਮਾ , ਵਿਜੇ ਕੁਮਾਰ , ਇਕਬਾਲ ਸਿੰਘ , ਤਾਰਾ ਚੰਦ,ਸਰਬਜੀਤ ਸਿੰਘ ਦਿਓਲ ਧਰਮਵੀਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਕਿ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।