ਬਾਬਾ ਫ਼ਰੀਦ ਆਗਮਨ-ਪੁਰਬ ਨੂੰ ਸਮਰਪਿਤ ਸੋਸ਼ਲ ਮੀਡੀਆ-ਲਿੰਕ ਅਤੇ ਸਟਿੱਕਰ ਕੀਤੇ ਜਾਰੀ- ਸ. ਇੰਦਰਜੀਤ ਸਿੰਘ ਖਾਲਸਾ
ਫ਼ਰੀਦਕੋਟ, 15 ਸਤੰਬਰ (ਪੰਜਾਬ ਡਾਇਰੀ)- ਬਾਬਾ ਫਰੀਦ ਜੀ ਦੀ ਰਹਿਨੁਮਾਈ ਅਤੇ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਪ੍ਰਧਾਨਗੀ ਹੇਠ ਬਾਬਾ ਫ਼ਰੀਦ ਜੀ ਦੇ 850 ਸਾਲਾ ਜਨਮ ਦਿਵਸ ਨੂੰ ਸਮਰਪਿਤ ਮਨਾਏ ਜਾ ਰਹੇ ‘ਆਗਮਨ-ਪੁਰਬ 2023’ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟਫਾਰਮਾ ਦੇ ਲਿੰਕ ਜਾਰੀ ਕੀਤੇ ਗਏ । ਇਸ ਤੋਂ ਇਲਾਵਾ ਬਾਬਾ ਫਰੀਦ ਜੀ ਦੇ 850 ਸਾਲ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਸਟਿੱਕਰ ਵੀ ਜਾਰੀ ਕੀਤੇ ਗਏ ।
ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਨੇ ਆਪਣੇ ਕਰ ਕਮਲਾਂ ਨਾਲ ਇਹ ਲਿੰਕ ਅਤੇ ਸਟਿੱਕਰ ਰਿਲੀਜ਼ ਕੀਤੇ । ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਕਾਰਜਕਾਰੀ ਪ੍ਰਧਾਨ ਡਾ ਗੁਰਇੰਦਰ ਮੋਹਨ ਸਿੰਘ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਬਾਬਾ ਫ਼ਰੀਦ ਆਗਮਨ-ਪੁਰਬ 2023’ ਦੌਰਾਨ ਹੋਣ ਵਾਲੇ ਸਮਾਗਮਾਂ ਦੀ ਮੀਡੀਆ-ਕਵਰੇਜ਼ ਦੇਸ਼-ਵਿਦੇਸ਼ ਵਿਚ ਬੈਠੀਆਂ ਸਮੂਹ ਸੰਗਤਾਂ ਤੱਕ ਪਹੁੰਚਾਉਣ ਲਈ ਫੇਸਬੁੱਕ (/tillababafaridji), ਇੰਸਟਾਗ੍ਰਾਮ (/tillababafaridji), ਅਤੇ ਯੂਟਿਊਬ (/tillababafaridji), ਤੋਂ ਇਲਾਵਾ ਵੈੱਬਸਾਈਟ (www.tillababafaridji) ਦੇ ਲਿੰਕ ਜਾਰੀ ਕੀਤੇ ਗਏ ।
ਇਸ ਤੋਂ ਇਲਾਵਾ ਘਰਾਂ, ਦਫਤਰਾਂ, ਗੱਡੀਆਂ, ਦੁਕਾਨਾਂ ਅਤੇ ਹੋਰ ਜਨਤਕ-ਥਾਵਾਂ ‘ਤੇ ਲਗਾਉਣ ਲਈ ਬਾਬਾ ਫ਼ਰੀਦ ਜੀ ਦੇ ‘ਆਗਮਨ-ਪੁਰਬ 2023’ ਸਬੰਧੀ ਸ਼ਾਨਦਾਰ ਅਤੇ ਖੂਬਸੂਰਤ ਸਟਿੱਕਰ ਵੀ ਜਾਰੀ ਕੀਤੇ ਗਏ । ਇਸ ਮੌਕੇ ਸੰਸਥਾਵਾਂ ਦੇ ਮੁੱਖ ਸੇਵਾਦਾਰ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਨੇ ਸਮੂਹ ਸੰਗਤਾਂ ਨੂੰ ਸੋਸ਼ਲ ਮੀਡੀਆ ਦੇ ਲਿੰਕ ਵਰਤਣ ਅਤੇ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਬਾਬਾ ਫ਼ਰੀਦ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰ ਸਕਣ ਅਤੇ ਇਸ ਆਗਮਨ-ਪੁਰਬ ਦੌਰਾਨ ਹੋਣ ਵਾਲੇ ਸਮਾਗਮਾਂ ਦਾ ਭਰਪੂਰ ਅਨੰਦ ਉਠਾ ਸਕਣ ।