ਫਰੀਦਕੋਟ DEO ਦੀ ਪਹਿਲਕਦਮੀ, 4 ਸਾਲਾਂ ਬੱਚੇ ਨੂੰ ਬਣਾਇਆ ‘ਜ਼ਿਲਾ ਸਿੱਖਿਆ ਅਫਸਰ’, ਬੋਲੇ- ਬੱਚਿਆਂ ਦਾ ਵਧੇਗਾ ਹੌਂਸਲਾ
ਫਰੀਦਕੋਟ, 16 ਸਤੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਫਰੀਦਕੋਟ DEO ਵੱਲੋਂ ਬੱਚਿਆਂ ਦਾ ਮਨੋਬਲ ਵਧਾਉਣ ਲਈ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਇੱਥੇ 4 ਸਾਲ ਦੇ ਬੱਚੇ ਨੂੰ ਇਕ ਦਿਨ ਲਈ ਜ਼ਿਲਾ ਸਿੱਖਿਆ ਅਫਸਰ ਬਣਾਇਆ ਗਿਆ। ਇਸ ਬੱਚੇ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਕੰਮਕਾਜ ਤੋਂ ਜਾਣੂ ਕਰਵਾਇਆ ਗਿਆ।
DEO ਫ਼ਰੀਦਕੋਟ ਮੇਵਾ ਸਿੰਘ ਸਿੱਧੂ ਨੇ ਆਪਣੇ ਸਟਾਫ਼ ਮੈਂਬਰ ਵੀਰ ਇੰਦਰਜੋਤ ਸਿੰਘ ਬਰਾੜ ਦੇ ਚਾਰ ਸਾਲ ਦੇ ਪੁੱਤਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਰੀਦਕੋਟ ਦੀ ਕੁਰਸੀ ‘ਤੇ ਇੱਕ ਦਿਨ ਲਈ ਬਿਠਾਇਆ ਅਤੇ ਬੱਚੇ ਦੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹੈ ਕਿ ਬੱਚੇ ਚੰਗੀ ਪੜ੍ਹਾਈ ਕਰਕੇ ਭਵਿੱਖ ਵਿੱਚ ਵੱਡੇ ਅਧਿਕਾਰੀ ਬਣਨ ਅਤੇ ਵੀਰ ਇੰਦਰਜੋਤ ਸਿੰਘ ਬਰਾੜ ਨੂੰ ਦੇਖ ਕੇ ਬੱਚਿਆਂ ਦਾ ਮਨੋਬਲ ਵਧੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਸਰਕਾਰੀ ਸਕੂਲਾਂ ਨੂੰ ਐਮੀਨੈਂਸ ਸਕੂਲ ਬਣਾ ਕੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਵਿੱਚ 3 ਸਕੂਲ ਆਫ ਐਮੀਨੈਂਸ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸਿਰਫ਼ ਪੰਜਾਬ ਦੇ ਸਾਰੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਹੀ ਨਹੀਂ ਹੈ, ਸਗੋਂ ਅਜਿਹੀ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਪੰਜਾਬ ਦਾ ਮਾਣ ਵਧਾ ਸਕਣ।
ਮੇਵਾ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਰਕਾਰ ਦਾ ਮੁੱਖ ਟੀਚਾ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਵੱਡੇ ਹੋ ਕੇ ਉੱਚੇ ਅਹੁਦਿਆਂ ’ਤੇ ਕਾਬਜ਼ ਹੋਣਾ ਹੈ। ਸਰਕਾਰ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਇਸ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਉਪਰਾਲੇ ਤਹਿਤ ਸਰਕਾਰੀ ਸਕੂਲ ਦੇ ਇੱਕ ਬੱਚੇ ਨੂੰ ਇੱਕ ਦਿਨ ਲਈ ਡੀਈਓ ਦੀ ਕੁਰਸੀ ’ਤੇ ਬੈਠਣ ਦਾ ਮੌਕਾ ਦਿੱਤਾ ਗਿਆ।