ਸਪੀਕਰ ਸੰਧਵਾਂ ਨੇ 2 ਕਰੋੜ ਰੁਪਏ ਦੀ ਲਾਗਤ ਵਾਲੀਆਂ 5 ਮੈਡੀਕਲ ਵੈਨਾਂ ਕੀਤੀਆਂ ਲੋਕਾਂ ਨੂੰ ਸਮਰਪਿਤ
ਫਰੀਦਕੋਟ, 16 ਸਤੰਬਰ (ਪੰਜਾਬ ਡਾਇਰੀ)- ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਹੰਸ ਫਾਂਊਡੇਸ਼ਨ ਦੇ ਸਹਿਯੋਗ ਨਾਲ ਅੱਜ 2 ਕਰੋੜ ਰੁਪਏ ਦੀ ਲਾਗਤ ਵਾਲੀਆਂ ਪੰਜ 5 ਮੈਡੀਕਲ ਵਾਹਨਾਂ (ਵੈਨਾਂ) ਨੂੰ ਸਪੀਕਰ ਸੰਧਵਾ ਨੇ ਵਿਧਾਇਕ ਸ. ਗੁਰਦਿੱਤ ਸਿੰਘ ਸ਼ੇਖੋ, ਡੀ.ਸੀ ਸ਼੍ਰੀ ਵਿਨਿਤ ਕੁਮਾਰ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਹਾਜਰੀ ਵਿਚ ਲੋਕਾਂ ਦੇ ਸਪੁਰਦ ਕੀਤਾ।
ਇਸ ਮੌਕੇ ਬੋਲਦਿਆਂ ਸ. ਸੰਧਵਾ ਨੇ ਕਿਹਾ ਕਿ ਇਹ ਜਿਲ੍ਹੇ ਦੇ ਆਮ ਲੋਕਾਂ ਲਈ ਇਕ ਖਾਸ ਅਤੇ ਨਿਵੇਕਲਾ ਉਪਰਾਲਾ ਹੈ। ਜਿਸ ਦੇ ਤਹਿਤ ਜਿਹੜੀਆਂ ਸੁਵਿਧਾਵਾਂ ਵੀ.ਵੀ.ਆਈ.ਪੀ ਲੋਕਾਂ ਨੂੰ ਮਿਲਦੀਆਂ ਸਨ, ਉਹ ਹੁਣ ਆਮ ਲੋਕਾਂ ਦੇ ਘਰ ਦੇ ਦੁਆਰ ਤੇ ਇਹ ਸਹੂਲਤਾਂ ਸਰਕਾਰ ਵੱਲੋਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੈਨਾਂ ਪਿੰਡ-ਪਿੰਡ ਜਾਣਗੀਆਂ, ਇਨ੍ਹਾਂ ਵੈਨਾਂ ਵਿਚ ਡਾਕਟਰਾਂ ਦੀ ਪੂਰੀ ਟੀਮ ਹੋਵੇਗੀ, ਮਰੀਜਾਂ ਦੇ ਟੈਸਟ ਵੀ ਕੀਤੇ ਜਾਣਗੇ। ਇਹ ਵੈਨਾਂ ਇਕ ਤੁਰਦੇ-ਫਿਰਦੇ ਮੁਹੱਲਾ ਕਲੀਨਿਕ ਵਜੋਂ ਲੋਕਾਂ ਲਈ ਸਹਾਈ ਸਿੱਧ ਹੋਣਗੀਆਂ।
ਇਕ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆੰ ਉਨ੍ਹਾ ਕਿਹਾ ਕਿ ਕੈਂਸਰ ਜਿਹੀ ਭਿਆਨਕ ਮਹਾਂਮਾਰੀ ਲਈ ਪਹਿਲਾਂ ਤੋਂ ਹੀ ਵਧੀਆ ਢੰਗ ਨਾਲ ਲੋਕਾਂ ਦਾ ਇਲਾਜ ਹੋ ਰਿਹਾ ਹੈ ਅਤੇ ਇਸੇ ਤਰੀਕੇ ਨਾਲ ਹੀ ਜਾਰੀ ਰਹੇਗਾ। ਫਿਰ ਵੀ ਜੇਕਰ ਕਿਸੇ ਨੂੰ ਕੋਈ ਤਕਲੀਫ ਆਉਂਦੀ ਹੈ ਤਾਂ ਸਬੰਧਤ ਸਿਹਤ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ।
ਇਸ ਮੌਕੇ ਪੀ.ਆਰ.ਓ ਟੂ ਸਪੀਕਰ ਮਨਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਗੁਰਮੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ , ਗੁਰਤੇਜ ਸਿੰਘ ਖੋਸਾ, ਜਗਸੀਰ ਸਿੰਘ ਪ੍ਰਧਾਨ, ਮਨਜੀਤ ਸਿੰਘ ਧਾਲੀਵਾਲ, ਦੀਪਕ ਮੌਂਗਾ ਹਾਜਰ ਸਨ।