ਮੇਲੇ ਦੌਰਾਨ ਇਕੱਤਰ ਹੋਏ ਸੁੱਕੇ ਤੇ ਗਿੱਲੇ ਕੂੜੇ ਤੋਂ ਬਣਾਈ ਜਾਵੇਗੀ ਖਾਦ- ਵਿਧਾਇਕ ਸੇਖੋਂ
– ਲੋਕਾਂ ਨੂੰ ਮੇਲੇ ਦੌਰਾਨ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਸਹਿਯੋਗ ਦੇਣ ਦੀ ਕੀਤੀ ਅਪੀਲ
ਫ਼ਰੀਦਕੋਟ, 18 ਸਤੰਬਰ (ਪੰਜਾਬ ਡਾਇਰੀ)- ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਵਧਾਈ ਦੇਣ ਦੇ ਨਾਲ ਨਾਲ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਬਾਬਾ ਸ਼ੇਖ ਫਰੀਦ ਮੇਲੇ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਵੀ ਕੀਤੀ।
ਵਿਧਾਇਕ ਸੇਖੋਂ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮੇਲੇ ਦੌਰਾਨ ਸ਼ਹਿਰ ਦੀ ਸਾਫ-ਸਫਾਈ ਦੇ ਨਾਲ ਨਾਲ ਪਲਾਸਟਿਕ ਤੋਂ ਬਣੀਆਂ ਹੋਰ ਚੀਜ਼ਾਂ ਜੋ ਕਿ ਲੰਗਰ ਆਦਿ ਵਰਤਾਉਣ ਵੇਲੇ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਹਨ, ਨੂੰ ਨਾ ਵਰਤਿਆ ਜਾਵੇ ਤੇ ਉਸ ਦੀ ਜਗ੍ਹਾਂ ਪੱਤਲ ਜਾਂ ਸਟੀਲ ਦੇ ਬਣੇ ਬਰਤਨ ਵਰਤੇ ਜਾਣ।
ਉਨ੍ਹਾਂ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਨਾਲ-ਨਾਲ ਅਤੇ ਸੁੱਕੇ ਤੇ ਗਿੱਲੇ ਕੂੜੇ ਨੂੰ ਅਲੱਗ ਅਲੱਗ ਇਕੱਠਾ ਕਰਨ ਜਿਸ ਦੀ ਵਰਤੋਂ ਨਾਲ ਬਾਅਦ ਵਿਚ ਖਾਦ ਬਣਾਈ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਲਾਸਟਿਕ ਦੀਆਂ ਖਾਲੀ ਬੋਤਲਾਂ ਨੂੰ ਡਸਟਬਿਨ ਵਿੱਚ ਇਕੱਤਰ ਕੀਤਾ ਜਾਵੇ ਅਤੇ ਇਕੱਠੇ ਹੋਏ ਕੂੜੇ ਨੂੰ ਅੱਗ ਨਾ ਲਗਾਈ ਜਾਵੇ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਬਾਬਾ ਫ਼ਰੀਦ ਮੇਲੇ ਤੇ ਸ਼ਹਿਰ ਦੀ ਸਾਫ-ਸਫਾਈ ਰੱਖ ਕੇ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਕੇ ਅਸੀਂ ਇੱਕ ਮਿਸਾਲ ਕਾਇਮ ਕਰੀਏ। ਜਿਸ ਨਾਲ ਨਾ ਕੇਵਲ ਵਾਤਾਵਰਣ ਪ੍ਰਦੂਸ਼ਿਤ ਰਹਿਤ ਹੋਵੇਗਾ ਬਲਕਿ ਦੂਜੇ ਲੋਕਾਂ ਲਈ ਵੀ ਬਾਬਾ ਫਰੀਦ ਮੇਲਾ ਇਕ ਮਿਸਾਲ ਵਜੋਂ ਉੱਭਰ ਕੇ ਸਾਹਮਣੇ ਆਵੇਗਾ।