ਧੋਖਾਧੜੀ ਮਾਮਲੇ ‘ਚ ਜ਼ਰੀਨ ਖਾਨ ਖਿਲਾਫ ਗ੍ਰਿਫਤਾਰੀ ਵਾਰੰਟ, ਐਕਟ੍ਰੈਸ ਨੇ ਕਿਹਾ-‘ਹੈਰਾਨ ਹਾਂ’
ਕੋਲਕਾਤਾ, 18 ਸਤੰਬਰ (ਡੇਲੀ ਪੋਸਟ ਪੰਜਾਬੀ)- ਜ਼ਰੀਨ ਖਾਨ ਖਿਲਾਫ ਕੋਲਕਾਤਾ ਦੀ ਇਕ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ ‘ਤੇ ਕਥਿਤ ਤੌਰ ‘ਤੇ ਧੋਖਾਦੇਹੀ ਦਾ ਦੋਸ਼ ਹੈ। ਸਾਲ 2018 ਵਿਚ ਜ਼ਰੀਨ ਖਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੇ ਬਾਅਦ ਜਾਂਚ ਅਧਿਕਾਰੀ ਨੇ ਚਾਰਜਸ਼ੀਟ ਦਾਇਰ ਕੀਤੀ ਸੀ ਪਰ ਜ਼ਰੀਨ ਖਾਨ ਨੇ ਨਾ ਤਾਂ ਜ਼ਮਾਨਤ ਲਈ ਅਪੀਲ ਕੀਤੀ ਤੇ ਨਾ ਹੀ ਅਦਾਲਤ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਦੇ ਵਾਰ-ਵਾਰ ਗੈਰ-ਹਾਜ਼ਰ ਰਹਿਣ ‘ਤੇ ਹੁਣ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਇਸ ਪੂਰੇ ਮਾਮਲੇ ‘ਤੇ ਜ਼ਰੀਨ ਖਾਨ ਨੇ ਕਿਹਾ ਕਿ ਉਹ ਖੁਦ ਵੀ ਹੈਰਾਨ ਹੈ।
ਸਾਲ 2018 ਵਿਚ ਜ਼ਰੀਨ ਖਾਨ ਨੂੰ ਕੋਲਕਾਤਾ ਵਿਚ ਇਕ ਦੁਰਗਾ ਪੂਜਾ ਪ੍ਰੋਗਰਾਮ ਵਿਚ ਪਰਫਾਰਮ ਕਰਨਾ ਸੀ। ਆਯੋਜਕ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ਨਹੀਂ ਆਈ। ਪੁਲਿਸ ਮੁਤਾਬਕ ਇਕ ਆਯੋਜਕ ਨੇ ਜ਼ਰੀਨ ਖਾਨ ਤੇ ਉਨ੍ਹਾਂ ਦੇ ਮੈਨੇਜਰ ਖਿਲਾਫ ਧੋਖਾਦੇਹੀ ਦੀ ਸ਼ਿਕਾਇਤ ਕੀਤੀ। ਦੋਵਾਂ ਖਿਲਾਫ FIR ਕੀਤੀ ਗਈ ਤੇ ਉਨ੍ਹਾਂ ਨੂੰ ਪੁੱਛਗਿਛ ਲਈ ਪੇਸ਼ ਹੋਣ ਲਈ ਕਿਹਾ ਗਿਆ। ਜਰੀਨ ਖਾਨ ਪੁੱਛਗਿਛ ਲਈ ਨਹੀਂ ਆਈ।
ਉਨ੍ਹਾਂ ਆਯੋਜਕਾਂ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਗਲਤ ਜਾਣਕਾਰੀ ਦਿੱਤੀ। ਆਯੋਜਕਾਂ ਨੇ ਦੱਸਿਆ ਸੀ ਕਿ ਬੰਗਾਲ ਦੀ ਮੁੱਖ ਮੰਤਰੀ ਸਣੇ ਕਈ ਵੱਡੇ ਮੰਤਰੀ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਬਾਅਦ ਵਿਚ ਉਨ੍ਹਾਂ ਦੀ ਟੀਮ ਨੂੰ ਪਤਾ ਲੱਗਾ ਕਿ ਇਹ ਪ੍ਰੋਗਰਾਮ ਬਹੁਤ ਛੋਟੇ ਪੱਧਰ ਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਫਲਾਈਟ ਦੀਆਂ ਟਿਕਟਾਂ ਤੇ ਰਹਿਣ ਦੀ ਵਿਵਸਥਾ ਨੂੰ ਲੈ ਕੇ ਵੀ ਠੀਕ ਜਾਣਕਾਰੀ ਨਹੀਂ ਮਿਲੀ ਜਿਸ ਦੇ ਬਾਅਦ ਉਨ੍ਹਾਂ ਨੇ ਸ਼ੋਅ ਛੱਡਣ ਦਾ ਫੈਸਲਾ ਕੀਤਾ।
ਜ਼ਰੀਨ ਖਾਨ ਨੇ ਆਯੋਜਕਾਂ ਖਿਲਾਫ ਸਥਾਨਕ ਅਦਾਲਤ ਵਿਚ ਕੇਸ ਦਰਜ ਕਰਾਇਆ ਸੀ। ਜਾਂਚ ਦੇ ਬਾਅਦ ਉਨ੍ਹਾਂ ਦੇ ਤੇ ਉਨ੍ਹਾਂ ਦੇ ਮੈਨੇਜਰ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਮਾਮਲੇ ਵਿਚ ਉਨ੍ਹਾਂ ਦੇ ਮੈਨੇਜਰ ਅਦਾਲਤ ਵਿਚ ਪੇਸ਼ ਹੋਏ ਤੇ ਜ਼ਮਾਨਤ ਮੰਗੀ ਜਦੋਂਕਿ ਐਕਟ੍ਰੈੱਸ ਨੇ ਅਜਿਹਾ ਨਹੀਂ ਕੀਤਾ।