ਬਾਬਾ ਫ਼ਰੀਦ ਆਗਮਨ-ਪੁਰਬ ਦੀ ਪਹਿਲੀ ਸ਼ਾਮ ਰੂਹਾਨੀ ਕੀਰਤਨ ਅਤੇ ਕਥਾ-ਸਮਾਗਮ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ
ਫਰੀਦਕੋਟ, 20 ਸਤੰਬਰ (ਪੰਜਾਬ ਡਾਇਰੀ)- ਬਾਬਾ ਫਰੀਦ ਜੀ ਦੀ 850 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਆਗਮਨ-ਪੁਰਬ 2023 ਦੇ ਸਮਾਗਮ ਮੁੱਖ ਸੇਵਾਦਾਰ ਸ. ਇੰਦਰਜੀਤ ਸਿੰਘ ਖ਼ਾਲਸਾ ਅਤੇ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਫ਼ਰੀਦਕੋਟ ਦੇ ਸਮੂਹ ਮੈਂਬਰ ਸਾਹਿਬਾਨ ਦੀ ਦੇਖ-ਰੇਖ ਸ਼ੁਰੂ ਹੋਏ ਸਮਾਗਮਾਂ ਦੀ ਪਹਿਲੀ ਸ਼ਾਮ ਆਯੋਜਿਤ ਕੀਤੇ ਗਏ ਧਾਰਮਿਕ ਸਮਾਗਮਾਂ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਨੇ ਰੂਹਾਨੀ ਕੀਰਤਨ ਅਤੇ ਕਥਾ-ਸਮਾਗਮ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਦੀ ਰਹਿਨੁਮਾਈ ਹੇਠ ਬਤੌਰ ਪ੍ਰਧਾਨ ਸੇਵਾ ਨਿਭਾ ਰਹੇ ਡਾ. ਗੁਰਇੰਦਰ ਮੋਹਨ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ ਦੇ ਸਮੇਂ ਗੁ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਮੁੱਖ ਪ੍ਰਚਾਰਕ- ਧਰਮ ਪ੍ਰਚਾਰ ਕਮੇਟੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕਥਾ- ਵਾਚਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਆਪਣੀ ਰੂਹਾਨੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਉਪਰੰਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹੀ ਭਾਈ ਸਿਮਰਪ੍ਰੀਤ ਸਿੰਘ ਜੀ ਦੇ ਹਜ਼ੂਰੀ ਰਾਗੀ-ਜਥੇ ਨੇ ਆਪਣੀਆਂ ਮਧੁਰ ਧੁਨਾਂ ਰਾਹੀਂ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ।
ਡਾ. ਗੁਰਇੰਦਰ ਮੋਹਨ ਸਿੰਘ ਜੀ, ਡਾ. ਗੁਰਸੇਵਕ ਸਿੰਘ ਅਤੇ ਸ. ਹਰਵਿੰਦਰ ਸਿੰਘ ਜੀ ਵੱਲੋਂ ਸਿਰੋਪਾਉ ਭੇਂਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਆਗਮਨ-ਪੁਰਬ ਨੂੰ ਸਮਰਪਿਤ ਇਹ ਕੀਰਤਨ ਅਤੇ ਕਥਾ-ਵਿਚਾਰਾਂ ਦੇ ਸਮਾਗਮ ਟਿੱਲਾ ਬਾਬਾ ਫਰੀਦ ਜੀ ਅਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸ਼ਾਮ 7 ਵਜੇ ਤੋਂ ਸ਼ੁਰੂ ਹੋ ਕੇ ਰਾਤ 10 ਵਜੇ ਤੱਕ ਹੋਇਆ ਕਰਨਗੇ । ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਸ਼ੁਰੂ ਹੋਏ ਇਹ ਆਗਮਨ-ਪੁਰਬ ਹਰ ਸਾਲ ਆਪਣੀ ਵੱਖਰੀ ਅਤੇ ਅਮਿੱਟ ਛਾਪ ਛੱਡਣ ਵਿੱਚ ਸਫ਼ਲ ਰਹੇ ਹਨ ।
ਇਨ੍ਹਾਂ ਸਮਾਗਮਾਂ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਬਾਬਾ ਫ਼ਰੀਦ ਜੀ ਦੇ ਪਾਵਨ ਅਸਥਾਨਾਂ ਤੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ । ਇੰਨਾ ਸਮਾਗਮਾਂ ਦਾ ਪ੍ਰਸਾਰਨ ”ਟਿੱਲਾ ਬਾਬਾ ਫ਼ਰੀਦ” ਦੇ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟੀਊਬ ਚੈਨਲ/ਪੇਜ਼ ਅਤੇ ਵੈੱਬਸਾਈਟ ਤੋਂ ਵੀ ਦੇਖਿਆ ਜਾ ਸਕਦਾ ।