CM ਮਾਨ ਦਾ ਐਲਾਨ-‘ਸਰਕਾਰੀ ਸਕੂਲ ਦੇ ਬੱਚਿਆਂ ਦੀ ਵਰਦੀ ਪੇਂਡੂ ਮਹਿਲਾਵਾਂ ਕਰਨਗੀਆਂ ਤਿਆਰ’
ਧੂਰੀ, 29 ਸਤੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਮੁੱਖ ਮੰਤਰੀ ਮਾਨ ਅੱਜ ਸੰਗਰੂਰ ਦੌਰੇ ‘ਤੇ ਹਨ। ਇਸ ਦੌਰਾਨ ਧੂਰੀ ਪਹੁੰਚ ਕੇ ਉਨ੍ਹਾਂ ਨੇ ਗ੍ਰਾਮੀਣ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰੀ ਸਕੂਲ ਦੇ ਬੱਚਿਆਂ ਦੀ ਵਰਦੀ ਪੰਜਾਬ ਦੀਆਂ ਪੇਂਡੂ ਮਹਿਲਾਵਾਂ ਦੇ ਗਰੁੱਪ ਵੱਲੋਂ ਤਿਆਰ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਕਰੋੜਾਂ ਰੁਪਏ ਦਾ ਰੋਜ਼ਗਾਰ ਪੈਦਾ ਹੋ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਪੁਲਿਸ ਵਿਭਾਗ, ਟ੍ਰੈਫਿਕ ਵਿੰਗ ਸਣੇ ਹੋਰ ਯੂਨੀਫਾਰਮ ਵਾਲੇ ਵਿਭਾਗ ਦੀ ਵਰਦੀ ਵੀ ਗ੍ਰਾਮੀਣ ਮਹਿਲਾਵਾਂ ਵੱਲੋਂ ਤਿਆਰ ਕੀਤੀਆਂ ਜਾਣਗੀਆਂ।
ਇਸ ਮੌਕੇ ਸੀਐੱਮ ਭਗਵੰਤ ਮਾਨ ਨੂੰ ਪਿੰਡ ਦੇ ਕੁਝ ਲੋਕ ਵੀ ਮਿਲੇ ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ। ਮੁੱਖ ਮੰਤਰ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਹੱਲ ਕਰਨ ਦਾ ਭਰੋਸਾ ਦਿੱਤਾ।ਉਨ੍ਹਾਂ ਨੇ ਲੋਕਾਂ ਤੋਂ ਲਾਇਬ੍ਰੇਰੀ ਦੇ ਰਖ-ਰਖਾਅ ਤੇ ਹੋਰ ਚੀਜ਼ਾਂ ਦੀ ਸੰਭਾਲ ਰੱਖਣ ਬਾਰੇ ਕਿਹਾ ਤਾਂ ਕਿ ਆਉਣ ਵਾਲੇ ਸਮੇਂ ਵਿਚ ਬੱਚੇ ਵੱਡੇ ਅਧਿਕਾਰੀ ਬਣਕੇ ਪਿੰਡ ਤੇ ਆਸ-ਪਾਸ ਹੀ ਰਹਿ ਕੇ ਸੇਵਾ ਕਰ ਸਕਣ।
ਇਸ ਮੌਕੇ ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨੇ ਵੀ ਸਾਧੇ। ਸੁਖਪਾਲ ਖਹਿਰਾ ‘ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਕਹਿੰਦੇ ਸਨ ਕਿ ਖਜ਼ਾਨੇ ਖਾਲੀ ਹੈ ਤੇ ਕੋਈ ਧਾਰਾ ਲਗਾਉਣ ਤੋਂ ਡਰਦੇ ਸਨ। ਮੈਂ ਕਹਿੰਦਾ ਹਾਂ ਨੀਅਤ ਸਾਫ ਹੋਣੀ ਚਾਹੀਦੀ ਹੈ ਸਭ ਕੁਝ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ, ਹਰ ਪਿੰਡ ਦੀ ਸਮੱਸਿਆਵਾਂ ਹੱਲ ਕਰਾਂਗੇ।