ਔਰਤ ਦਾ ਸਿਰ ਵੱਢ ਕੇ ਕਤਲ, ਲਾਸ਼ ਨੂੰ ਅੱਗ ਲਗਾ ਕੇ ਸੜਕ ‘ਤੇ ਸੁੱਟਿਆ
ਜੈਪੁਰ, 30 ਸਤੰਬਰ (ਰੋਜਾਨਾ ਸਪੋਕਸਮੈਨ)- ਜੈਪੁਰ ‘ਚ ਸ਼ੁੱਕਰਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਔਰਤ ਦੀ ਅੱਧ ਸੜੀ ਹੋਈ ਲਾਸ਼ ਮਿਲੀ। ਔਰਤ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਗਿਆ। ਇਸ ਦੇ ਨਾਲ ਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਛਾਣ ਛੁਪਾਉਣ ਲਈ ਲਾਸ਼ ਨੂੰ ਜਲਣਸ਼ੀਲ ਪਦਾਰਥ ਪਾ ਕੇ ਸਾੜ ਦਿੱਤਾ ਗਿਆ।
ਏ.ਸੀ.ਪੀ (ਬੱਸੀ) ਫੂਲਚੰਦ ਮੀਨਾ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਸੱਤ ਵਜੇ ਕਨੋਟਾ ਦੇ ਪਾਪੜ ਪਿੰਡ ਵਿਚ ਸੜਕ ਕਿਨਾਰੇ ਇੱਕ ਔਰਤ ਦੀ ਅੱਧ ਸੜੀ ਹੋਈ ਲਾਸ਼ ਮਿਲੀ। ਕਨੋਟਾ ਥਾਣੇ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਐਫਐਸਐਲ ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ। ਐਸਐਚਓ (ਕਨੋਟਾ) ਭਗਵਾਨ ਸਹਾਏ ਨੇ ਦੱਸਿਆ – ਮ੍ਰਿਤਕ ਦਾ ਅੱਧਾ ਚਿਹਰਾ ਅਤੇ ਲਾਲ ਰੰਗ ਦਾ ਕੁੜਤਾ ਅੱਧਾ ਸੜਿਆ ਹੋਇਆ ਸੀ। ਲਾਸ਼ ਨੂੰ ਚਿੱਟੇ ਨਾਈਲੋਨ ਦੇ ਕੱਪੜੇ ਵਿਚ ਬੰਨ੍ਹ ਕੇ ਸੁੱਟ ਦਿੱਤਾ ਗਿਆ ਸੀ।
ਚਿਹਰੇ ਅਤੇ ਸਿਰ ‘ਤੇ ਖੂਨ ਦੇ ਨਿਸ਼ਾਨ ਸਨ। ਪਹਿਲੀ ਨਜ਼ਰੇ ਇਹ ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਸਿਰ ‘ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕਰ ਕੇ ਕਤਲ ਕੀਤਾ ਗਿਆ ਹੈ। ਮ੍ਰਿਤਕਾਂ ਦੀ ਉਮਰ ਕਰੀਬ 25 ਸਾਲ ਹੈ। ਉਸ ਦਾ ਚਿਹਰਾ ਅੱਧਾ ਸੜਿਆ ਹੋਣ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਇਸ ਦੇ ਨਾਲ ਹੀ ਪੁਲਿਸ ਨੇ ਬਲਾਤਕਾਰ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਹੈ।
ਲਾਸ਼ ਨੂੰ ਐਸਐਮਐਸ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਕਤਲ ਬਾਰੇ ਪੂਰੀ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗੀ। ਪੁਲਿਸ ਨੇ ਮ੍ਰਿਤਕ ਦੀ ਪਛਾਣ ਕਰਨ ਲਈ ਜੈਪੁਰ ਅਤੇ ਜੈਪੁਰ ਦਿਹਾਤੀ ਥਾਣਿਆਂ ਨੂੰ ਸੂਚਨਾ ਦੇ ਦਿੱਤੀ ਹੈ। ਏਸੀਪੀ ਨੇ ਦੱਸਿਆ ਕਿ ਦੇਰ ਰਾਤ ਉਸ ਦੀ ਲਾਸ਼ ਨੂੰ ਡਿਸਪੋਜ਼ਲ ਕਰਨ ਲਈ ਇੱਕ ਗੱਡੀ ਵਿਚ ਪਾਪੜ ਪਿੰਡ ਦੇ ਇੱਕ ਸੁੰਨਸਾਨ ਥਾਂ ’ਤੇ ਲਿਆਂਦਾ ਗਿਆ ਅਤੇ ਫਿਰ ਅੱਗ ਲਾ ਦਿੱਤੀ ਗਈ। ਲਾਸ਼ ਨੂੰ ਜਲਦਾ ਛੱਡ ਕੇ ਕਾਤਲ ਉੱਥੋਂ ਫਰਾਰ ਹੋ ਗਏ।
ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ, ਜਿਸ ਕਾਰਨ ਅਪਰਾਧ ਵਧ ਰਹੇ ਹਨ। ਪਿਛਲੇ 3 ਸਾਲਾਂ ‘ਚ 5 ਲਾਸ਼ਾਂ ਮਿਲੀਆਂ ਹਨ। ਪੁਲਿਸ ਸਿਰਫ਼ ਦੋ ਕੇਸ ਹੀ ਖੋਲ੍ਹ ਸਕੀ, ਬਾਕੀ ਤਿੰਨ ਕੇਸ ਅਜੇ ਪੈਂਡਿੰਗ ਹਨ। ਇਸ ਦੇ ਨਾਲ ਹੀ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਵੀ ਲੋਕਾਂ ਵਿਚ ਰੋਸ ਹੈ।