ਮੁਫਤ ਬਣਾਉਟੀ ਅੰਗ ਲਗਾਉਣ ਲਈ ਜੈਪੁਰ ਤੋਂ ਫਰੀਦਕੋਟ ਪਹੁੰਚੇਗੀ ਐਨ.ਜੀ.ਓ
– 3 ਅਤੇ 4 ਅਕਤੂਬਰ ਨੂੰ ਸਵੇਰੇ 10 ਤੋਂ 5 ਵਜੇ ਤੱਕ ਜੈਨ ਸਕੂਲ ਵਿਖੇ ਲੱਗੇਗਾ ਕੈਂਪ
– ਦੂਰੋਂ ਚੱਲ ਕੇ ਆਉਣ ਵਾਲੇ ਅੰਗਹੀਣਾਂ ਨੂੰ ਦਿੱਤਾ ਜਾਵੇਗਾ ਕਿਰਾਇਆ
– ਰਜਿਸਟਰੇਸ਼ਨ ਲਈ 95012-00380 ਤੇ ਕੀਤਾ ਜਾ ਸਕਦਾ ਹੈ ਸੰਪਰਕ
ਫਰੀਦਕੋਟ, 30 ਸਤੰਬਰ (ਪੰਜਾਬ ਡਾਇਰੀ)- ਸੜਕ ਹਾਦਸਿਆਂ, ਕਿਸੇ ਹੋਰ ਦੁਰਘਟਨਾ ਵਿੱਚ ਅੰਗ ਗਵਾਉਣ ਵਾਲੇ ਜਾਂ ਜਮਾਂਦਰੂ ਦਿਵਿਆਂਗ ਲੋਕਾਂ ਲਈ ਜੈਪੁਰ ਤੋਂ ਇੱਕ ਐਨ.ਜੀ.ਓ. (ਭਗਵਾਨ ਮਹਾਂਵੀਰ ਸੇਵਾ ਸੰਮਤੀ- ਜੈਪੁਰ ਫੁੱਟ) ਦੋ ਦਿਨਾਂ ਲਈ 3 ਅਤੇ 4 ਅਕਤੂਬਰ ਨੂੰ ਸਵੇਰੇ 10 ਤੋਂ 5 ਵਜੇ ਤੱਕ ਜੈਨ ਸਕੂਲ ਫਰੀਦਕੋਟ ਵਿਖੇ ਉਚੇਚੇ ਤੌਰ ਤੇ ਮੁਫਤ ਬਣਾਉਟੀ ਅੰਗ ਲਗਾਉਣ ਲਈ ਪਹੁੰਚ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਇਸ ਐਨ.ਜੀ.ਓ ਨਾਲ ਜੁੜੇ ਡਾ. ਸਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਇਹ ਕੈਂਪ ਪਹਿਲੀ ਵਾਰ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਉੱਦਮ ਅਤੇ ਹੱਲਾਸ਼ੇਰੀ ਸਦਕਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੰਗ ਗਵਾ ਚੁੱਕੇ ਬਹੁ-ਗਿਣਤੀ ਲੋਕ ਆਰਥਿਕ ਤੌਰ ਤੇ ਕਮਜ਼ੋਰ ਵਰਗ ਨਾਲ ਸਬੰਧ ਰੱਖਦੇ ਹਨ, ਜਿੰਨਾ ਨੂੰ ਪੱਲਿਓ ਪੈਸਾ ਖਰਚ ਕਰਕੇ ਬੜੀ ਦੂਰ ਜੈਪੁਰ ਜਾਣਾ ਪੈਂਦਾ ਹੈ। ਇਸ ਸਮੱਸਿਆ ਨੂੰ ਮੁੱਖ ਰੱਖਦੇ ਸ਼ਹਿਰ ਦੇ ਕੁਝ ਪਤਵੰਤੇ ਸੱਜਣਾਂ ਨੇ ਅਮਰੀਕਾ ਵਿੱਚ ਵੱਸ ਰਹੇ ਹਰੀਸ਼ ਭਾਰਤੀ ਅਤੇ ਹੋਰਾਂ ਦੀ ਮਦਦ ਨਾਲ ਇਹ ਕੈਂਪ ਪਹਿਲੀ ਵਾਰ ਫਰੀਦਕੋਟ ਵਿਖੇ ਲਗਾਉਣ ਦੀ ਸੋਚੀ। ਜਿਲ੍ਹਾ ਪ੍ਰਸ਼ਾਸ਼ਨ ਦੀ ਮਦਦ ਲਈ ਜਦੋਂ ਡਿਪਟੀ ਕਮਿਸ਼ਨਰ ਨਾਲ ਕੈਂਪ ਲਗਾਉਣ ਦੀ ਗੱਲ ਛੇੜੀ ਤਾਂ ਇਸ ਸੋਚ ਨੂੰ ਬੂਰ ਪਿਆ।
ਉਨ੍ਹਾਂ ਕਿਹਾ ਕਿ ਮਰੀਜਾਂ ਦੀ ਗਿਣਤੀ ਤੋਂ ਜਾਣੂ ਹੋਣ ਲਈ ਸਤੰਬਰ 21 ਤੋਂ 23 ਤੱਕ ਮਾਤਾ ਖੀਵੀ ਜੀ ਗੁਰੂਦੁਆਰਾ ਸਾਹਿਬ ਵਿਖੇ, ਜੈਪੁਰ ਫੁੱਟ ਸੰਸਥਾ ਤੋਂ ਆਏ ਸਰਵੇਅਰ ਸੁਰੇਸ਼ ਮਹਿਰਾ ਦੀ ਸਹਾਇਤਾ ਨਾਲ ਇੱਕ ਰਜਿਸਟੇਰਸ਼ਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਤਕਰੀਬਨ 200 ਦਿਵਿਆਂਗ ਰਜਿਸਟਰ ਹੋਏ।ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਗਰੀਬ ਤਬਕੇ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਇਸ ਕੈਂਪ ਲਈ ਮੋਬਾਇਲ ਫੋਨ (95012-00380) ਰਾਹੀਂ ਵੀ ਰਜਿਸਟੇਰਸ਼ਨ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਇੰਨਾ ਹੀ ਨਹੀਂ ਕਿਸੇ ਭਿਆਨਕ ਸੜਕ ਹਾਦਸੇ ਜਾਂ ਇਮਾਰਤਾਂ ਦੀ ਉਸਾਰੀ ਦੌਰਾਨ ਅੰਗਹੀਣ ਹੋ ਕੇ ਲਾਚਾਰ ਹੋ ਚੁੱਕੇ ਅਜਿਹੇ ਲੋਕ, ਜੋ ਕਿ ਪਿਛਲੇ ਲੰਮੇ ਸਮੇਂ ਦੌਰਾਨ ਕਿਸੇ ਕਮਾਈ ਦੇ ਸਾਧਨ ਤੋਂ ਵੰਚਿਤ ਰਹਿ ਰਹੇ ਹਨ, ਉਨ੍ਹਾਂ ਲਈ ਆਉਣ-ਜਾਣ ਦਾ ਕਿਰਾਇਆ ਵੀ ਸੰਸਥਾ ਵੱਲੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਅਤਿ ਆਧੁਨਿਕ ਤਕਨੀਕ ਨਾਲ ਬਣੇ ਹਲਕੇ ਵਜ਼ਨ ਵਾਲੇ ਨਕਲੀ ਅੰਗ ਵੀ ਪੁਰਾਣੇ ਅੰਗਾਂ ਨਾਲ ਤਬਦੀਲ ਕੀਤੇ ਜਾਣੇ ਹਨ। ਇੰਨਾ ਅੰਗਾਂ ਵਿੱਚ ਕਲਿੱਪਰ ( ਹਲਕੀ ਪੱਤੀ ਵਾਲੇ ਬੂਟ), ਵਾਕਰ (ਫੋਲਡਿੰਗ), ਬਜ਼ੁਰਗਾਂ ਲਈ ਲਾਠੀਆਂ, ਨਕਲੀ ਬਾਂਹਾਂ ਅਤੇ ਲੱਤਾਂ ਲਗਾਉਣ ਦਾ ਵੀ ਉਪਰਾਲਾ ਕੀਤਾ ਜਾਵੇਗਾ।
ਕੈਂਪ ਦੌਰਾਨ ਜੈਪੁਰ ਦੀ ਇਹ ਐਨ.ਜੀ.ਓ ਆਪਣੇ ਨਾਲ ਟਰੱਕਾਂ ਵਿੱਚ ਵਰਕਸ਼ਾਪ, ਸਰਵੇਅਰ, ਟੈਕਨੀਸ਼ੀਅਨ ਵੀ ਲੈ ਕੇ ਆਉਣਗੇ, ਤਾਂ ਜੋ ਸਵੇਰੇ ਆਏ ਮਰੀਜ਼ਾਂ ਦੇ ਲਗਾਉਣ ਵਾਲੇ ਅੰਗਾਂ ਦਾ ਮਾਪ ਲੈ ਕੇ ਸ਼ਾਮ 4 ਵਜੇ ਤੱਕ ਨਕਲੀ ਅੰਗ ਲਗਾ ਕੇ ਉਨ੍ਹਾਂ ਨੂੰ ਵਿਦਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਇਕ ਅਨੁਮਾਨ ਅਨੁਸਾਰ ਤਕਰੀਬਨ 500 ਲੋੜਵੰਦਾਂ ਦੇ ਪਹੁੰਚਣ ਦੀ ਉਮੀਦ ਹੈ।