ਪੱਤਰਕਾਰਾਂ ਉਪਰ ਯੂ ਏ ਪੀ ਏ ਕਾਨੂੰਨ ਤਹਿਤ ਕਾਰਵਾਈ ਦਾ ਪੀ ਐਸ ਯੂ ਵੱਲੋਂ ਵਿਰੋਧ
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਿਊਜ਼ ਕਲਿਕ ਦੇ ਪੱਤਰਕਾਰਾਂ ਨੂੰ ਯੂ ਏ ਪੀ ਏ ਕਾਨੂੰਨ ਤਹਿਤ ਫਸਾਉਣ ਖ਼ਿਲਾਫ਼ ਰੋਸ ਰੈਲੀ ਕੀਤੀ ਗਈ।
ਫਰੀਦਕੋਟ, 4 ਅਕਤੂਬਰ (ਪੰਜਾਬ ਡਾਇਰੀ)- ਕੇਂਦਰ ਦੀ ਮੋਦੀ ਸਰਕਾਰ ਲੋਕਤੰਤਰ ਦੇ ਚੋਥੇ ਥੰਮ ਮੰਨੇ ਜਾਂਦੇ ਪੱਤਰਕਾਰਾਂ ਦੀ ਲਗਾਤਾਰ ਜੁਬਾਨ ਬੰਦੀ ਕਰ ਰਹੀ ਹੈ । ਕੱਲ ਦਿੱਲੀ ਪੁਲਿਸ ਵੱਲੋਂ ਨਿਊਜ਼ ਕਲਿਕ ਦੇ 30 ਪੱਤਰਕਾਰਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਅਤੇ ਓਹਨਾਂ ਦੇ ਲੈਪਟਾਪ, ਹਾਰਡ ਡਿਸਕ ਅਤੇ ਮੋਬਾਇਲ ਫੋਨਾਂ ਸਮੇਤ ਸਾਰਾ ਸਮਾਨ ਜਬਤ ਕਰ ਲਿਆ ਗਿਆ ।
ਇਸ ਖਿਲਾਫ਼ ਬੋਲਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਵੀਰ ਅਤੇ ਜਸਨੀਤ ਸਿੰਘ ਨੇ ਕਿਹਾ ਕਿ ਬੀ ਜੇ ਪੀ ਦੀ ਫਾਸ਼ੀਵਾਦੀ ਸਰਕਾਰ ਯੂ ਏ ਪੀ ਏ ਅਤੇ ਅਫਸਫਾ ਵਰਗੇ ਕਾਨੂੰਨਾਂ ਨੂੰ ਲੋਕਾਂ ਦੀ ਆਵਾਜ਼ ਦਬਾਉਣ ਲਈ ਵਰਤ ਰਹੀ ਹੈ । ਨਿਊਜ਼ ਕਲਿਕ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਇਸ ਕਰਕੇ ਨਿਸ਼ਾਨੇ ਤੇ ਲਿਆਂਦਾ ਜਾ ਰਿਹਾ ਹੈ ਕਿਓਕਿ ਓਹਨਾਂ ਨੇ ਇਤਿਹਾਸਕ ਕਿਸਾਨ ਅੰਦੋਲਣ ਅਤੇ ਨਾਗਰਿਕਤਾ ਸੋਧ ਕਨੂੰਨ ਖਿਲਾਫ਼ ਉੱਠ ਰਹੇ ਅੰਦੋਲਣ ਦੀ ਕਵਰੇਜ ਕੀਤੀ। ਓਹਨਾਂ ਤੋਂ ਕਿਸਾਨ ਅੰਦੋਲਨ ਅਤੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਹੋਏ ਅੰਦੋਲਨ ਬਾਰੇ ਪੁੱਛਗਿੱਛ ਕੀਤੀ ਗਈ ਹੈ।
ਜ਼ਿਲ੍ਹਾ ਆਗੂ ਹਰਵੀਰ ਅਤੇ ਜਸਨੀਤ ਸਿੰਘ ਨੇ ਕਿਹਾ ਕਿ ਅਜ਼ਾਦ ਪੱਤਰਕਾਰਾਂ ਦੀ ਆਵਾਜ਼ ਨੂੰ ਇਸ ਤਰੀਕੇ ਨਾਲ ਦਬਾਉਣ ਦਾ ਮਤਲਬ ਬਚੇ ਹੋਏ ਲੋਕਤੰਤਰ ਨੂੰ ਖ਼ਤਮ ਕਰਨਾ ਹੈ । ਦੁਨੀਆਂ ਭਰ ਵਿੱਚ ਪਹਿਲਾ ਹੀ ਭਾਰਤ ਸਰਕਾਰ ਵੱਲੋਂ ਮੀਡੀਆ ਉਪਰ ਪਾਬੰਦੀਆਂ ਲਗਾਉਣ ਦੀ ਗੱਲ ਚਰਚਾ ਵਿੱਚ ਹੈ, ਜਿਸ ਦਾ ਇੱਕ ਹੋਰ ਸਬੂਤ ਕੇਂਦਰ ਦੀ ਅਗਵਾਈ ਵਿੱਚ ਕੰਮ ਕਰ ਰਹੀ ਦਿੱਲੀ ਦੀ ਪੁਲੀਸ ਦੀ ਕਾਰਗੁਜ਼ਾਰੀ ਹੈ ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਬੀਰ ਨੇ ਕਿਹਾ ਕਿ ਅਗਰ ਕੇਂਦਰ ਸਰਕਾਰ ਯੂ ਏ ਪੀ ਏ ਵਰਗੇ ਕਾਨੂੰਨਾਂ ਦੀ ਗ਼ਲਤ ਵਰਤੋਂ ਕਰਨ ਤੋਂ ਪਿੱਛੇ ਨਾ ਹਟੀ ਤਾਂ ਓਹਨਾਂ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ । ਲੋਕਾਂ ਦੇ ਸੰਘਰਸ਼ਾਂ ਨੂੰ ਸਾਹਮਣੇ ਲਿਆਉਣ ਵਾਲੇ ਅਤੇ ਮੋਦੀ ਦੀ ਫਾਸ਼ੀਵਾਦੀ ਸਰਕਾਰ ਦੇ ਕਹਿਣੇ ਉਪਰ ਨਾ ਚਲਣ ਵਾਲੇ ਪੱਤਰਕਾਰਾਂ ਨਾਲ਼ ਲ਼ੋਕ ਖੜਦੇ ਰਹਿਣਗੇ ।
ਇਸ ਮੌਕੇ ਕਾਲਜ ਕਮੇਟੀ ਮੈਂਬਰ ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਹਰਪ੍ਰੀਤ ਕੌਰ, ਅਰਸ਼ਦੀਪ ਕੌਰ, ਰੋਬਿਨਦੀਪ ਸਿੰਘ ਆਦਿ ਹਾਜ਼ਰ ਸਨ।