ਰਿਸ਼ਵਤ ਲੈਂਦਾ ਪੁਲਿਸ ਅਧਿਕਾਰੀ ਰੰਗੇ ਹੱਥੀ ਕਾਬੂ, ਮੁਕੱਦਮਾ ਦਰਜ
ਫਿਰੋਜ਼ਪੁਰ, 6 ਅਕਤੂਬਰ (ਬਾਬੂਸ਼ਾਹੀ)-ਵਿਜੀਲੈਸ ਬਿਉਰੋ ਪੰਜਾਬ ਦੇ ਮੁੱਖੀ ਸ੍ਰੀ. ਵਰਿੰਦਰ ਕੁਮਾਰ ਅਤੇ ਐਸ.ਐਸ.ਪੀ ਵਿਜੀਲੈਂਸ ਬਿਉਰੋ ਫਿਰੋਜ਼ਪੁਰ ਸ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ ਰਾਜ ਕੁਮਾਰ ਸਾਮਾ ਤੇ ਇੰਸਪੈਕਟਰ ਮੋਹਿਤ ਧਵਨ ਦੀ ਟੀਮ ਨੇ ਜ਼ਿਲ੍ਹਾ ਮੋਗਾ ਦੇ ਨੂਰਪੁਰ ਹਕੀਮਾਂ ਦੇ ਵਾਸੀ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਤੇ ਧਰਮਕੋਟ ਦੇ ਐਸ.ਐਚ.ਓ/ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੂੰ ਥਾਣੇ ਵਿੱਚ ਹੀ 10 ਹਜ਼ਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਨੂੰ ਸਰਕਾਰੀ ਗਵਾਹਾਂ ਐਸ.ਡੀ.ਓ ਸੁਧੀਰ ਕੁਮਾਰ ਵਾਟਰ ਸਪਲਾਈ ਫਿਰੋਜ਼ਪੁਰ ਅਤੇ ਐੱਸ.ਡੀ.ਓ ਗੁਰਪ੍ਰੀਤ ਸੋਢੀ ਦੀ ਹਾਜ਼ਰੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਮੁਦਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਘੋੜਾ/ਟਰਾਲਾ ਚੋਰੀ ਹੋ ਗਿਆ ਸੀ ਤੇ ਚੋਰਾਂ ਦੀ ਜਾਣਕਾਰੀ ਦੇਣ ਦੇ ਬਾਵਜੂਦ ਐੱਸ.ਐੱਚ.ਓ ਗੁਰਵਿੰਦਰ ਸਿੰਘ ਭੁੱਲਰ ਨੇ ਬਰਾਮਦ ਕਰਨ ਲਈ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਸੌਦਾ 80 ਹਜ਼ਾਰ ਰੁਪਏ ਵਿੱਚ ਤਹਿ ਹੋ ਗਿਆ। ਮੁੱਦਈ ਨੇ ਦੱਸਿਆ ਕਿ ਉਸਨੇ 50 ਹਜ਼ਾਰ ਪਹਿਲਾ ਹੀ ਦੇ ਦਿੱਤੇ ਫਿਰ 20 ਹਜ਼ਾਰ ਤੇ ਹੁਣ ਤੀਜੀ ਕਿਸ਼ਤ 10 ਹਜ਼ਾਰ ਰੁਪਏ ਦੇਣ ਸਮੇਂ ਵਿਜੀਲੈਂਸ ਫਿਰੋਜ਼ਪੁਰ ਨਾਲ ਸੰਪਰਕ ਕੀਤਾ। ਜਿਨਾਂ ਨੇ ਥਾਣੇ ਧਰਮਕੋਟ ਵਿੱਚ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ। ਜਿਸ ਤੇ ਭ੍ਰਿਸ਼ਟਾਚਾਰ ਰੋਕੂ ਐਕਟ 2018 ਤਹਿਤ ਥਾਣਾ ਵਿਜੀਲੈਂਸ ਬਿਉਰੋ ਰੇਂਜ ਫਿਰੋਜ਼ਪੁਰ ਵਿਖੇ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।