ਰਾਹੁਲ ਗਾਂਧੀ ਨੂੰ ‘ਰਾਵਣ’ ਦਰਸਾਉਣ ਵਾਲੇ ਪੋਸਟਰ ਵਿਰੁਧ ਅਦਾਲਤ ਪੁੱਜੀ ਕਾਂਗਰਸ
ਜੈਪੁਰ, 7 ਅਕਤੂਬਰ (ਰੋਜਾਨਾ ਸਪੋਕਸਮੈਨ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਪੋਸਟਰ ਵਿਚ ਰਾਹੁਲ ਗਾਂਧੀ ਨੂੰ ‘ਦਸ਼ਾਨਨ’ ਵਜੋਂ ਦਰਸਾਏ ਜਾਣ ’ਤੇ ਕਾਂਗਰਸ ਦੇ ਇਕ ਅਹੁਦੇਦਾਰ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਪਾਰਟੀ ਦੇ ਆਈ.ਟੀ. ਸੈੱਲ ਦੇ ਇੰਚਾਰਜ ਅਮਿਤ ਕੁਮਾਰ ਮਾਲਵੀਆ ਵਿਰੁਧ ਅਦਾਲਤ ਦਾ ਰੁਖ਼ ਕੀਤਾ ਹੈ।
ਕਾਂਗਰਸ ਨੇਤਾ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਸਵੰਤ ਗੁਰਜਰ ਨੇ ਇਨ੍ਹਾਂ ਭਾਜਪਾ ਆਗੂਆਂ ਵਿਰੁਧ ਜੈਪੁਰ ਮੈਟਰੋਪੋਲੀਟਨ ਕੋਰਟ-2 ’ਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ’ਤੇ 9 ਅਕਤੂਬਰ ਨੂੰ ਸੁਣਵਾਈ ਹੋਵੇਗੀ। ਭਾਜਪਾ ਨੇ ਵੀਰਵਾਰ ਨੂੰ ਰਾਹੁਲ ਗਾਂਧੀ ਨੂੰ ‘ਦਸ਼ਾਨਨ’ ਦੇ ਰੂਪ ’ਚ ਦਰਸਾਉਣ ਵਾਲੀ ਤਸਵੀਰ ਸਾਂਝੀ ਕੀਤੀ ਸੀ ਅਤੇ ਉਨ੍ਹਾਂ ਨੂੰ ‘ਨਵੇਂ ਯੁੱਗ ਦਾ ਰਾਵਣ’ ਕਰਾਰ ਦਿਤਾ ਸੀ।
ਗੁਰਜਰ ਨੇ ਕਿਹਾ, ‘‘ਅਦਾਲਤ ਨੇ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਮਾਮਲੇ ਦੀ ਸੁਣਵਾਈ ਲਈ 9 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।’’ ਅਪਣੀ ਪਟੀਸ਼ਨ ’ਚ ਗੁਰਜਰ ਨੇ ਅਦਾਲਤ ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 499 (ਕਿਸੇ ਹੋਰ ਵਿਅਕਤੀ ਵਿਰੁਧ ਝੂਠਾ ਦੋਸ਼ ਲਗਾਉਣਾ), 500 (ਮਾਣਹਾਨੀ) ਅਤੇ 504 (ਜਾਣ ਬੁੱਝ ਕੇ ਅਪਮਾਨ) ਦੇ ਤਹਿਤ ਦੋ ਭਾਜਪਾ ਆਗੂਆਂ ਵਿਰੁਧ ਕੇਸ ਦਰਜ ਕਰਨ ਅਤੇ ਸੁਣਵਾਈ ਲਈ ਬੇਨਤੀ ਕੀਤੀ।
ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ, ‘‘ਦੋਸ਼ੀਆਂ ਨੇ ਜਾਣਬੁਝ ਕੇ 5 ਅਕਤੂਬਰ ਨੂੰ ਗਲਤ ਇਰਾਦੇ ਨਾਲ ਉਕਤ ਪੋਸਟ ਨੂੰ ਪ੍ਰਸਾਰਤ ਕੀਤਾ ਅਤੇ ਉਨ੍ਹਾਂ ਦਾ ਉਦੇਸ਼ ਕਾਂਗਰਸ ਅਤੇ ਇਸ ਨਾਲ ਜੁੜੇ ਲੋਕਾਂ ਦੀ ਸਾਖ ਨੂੰ ਖਰਾਬ ਕਰਨਾ ਅਤੇ ਸਿਆਸੀ ਲਾਭ ਹਾਸਲ ਕਰਨਾ ਹੈ।’’