ਆਨੰਦਮਈ ਪਰਿਵਾਰਕ ਜੀਵਨ’ ਸਮਾਗਮ ਰਾਹੀਂ ਦੱਸੇ ਗਏ ਜੀਵਨ ਜਿਉਣ ਦੇ ਅਨੇਕਾਂ ਨੁਕਤੇ!
– ਸੁੱਖ ਅਤੇ ਦੁੱਖ ਤਾਂ ਕੱਪੜੇ ਬਦਲਣ ਦੀ ਤਰਾਂ ਆਉਂਦੇ ਜਾਂਦੇ ਰਹਿਣਗੇ : ਡਾ. ਰੇਣੂਕਾ!
ਫਰੀਦਕੋਟ 9 ਅਕਤੂਬਰ (ਪੰਜਾਬ ਡਾਇਰੀ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਸਤਰੀ ਵਿੰਗ ਵਲੋਂ ਕਰਵਾਏ ਗਏ ‘ਆਨੰਦਮਈ ਪਰਿਵਾਰਕ ਜੀਵਨ’ ਸਮਾਗਮ ਵਿੱਚ ਲੁਧਿਆਣੇ ਤੋਂ ਉਚੇਚੇ ਤੌਰ ’ਤੇ ਪੁੱਜੇ ਡਾ. ਸਰਬਜੀਤ ਸਿੰਘ ਰੇਣੂਕਾ, ਗੁਰਬੀਰ ਸਿੰਘ ਅਤੇ ਜਸਪਾਲ ਸਿੰਘ ਨੇ ਸੰਗਤਾਂ ਵੱਲੋਂ ਪੁੱਛੇ ਗਏ ਇਕ-ਇਕ ਸਵਾਲ ਦਾ ਜਵਾਬ ਅੰਕੜਿਆਂ ਸਹਿਤ, ਦਲੀਲਾਂ ਨਾਲ ਅਤੇ ਸਰਲ ਭਾਸ਼ਾ ਵਿੱਚ ਦਿੱਤਾ।
ਭੈਣ ਗੁਰਲੀਨ ਕੌਰ, ਸਰਬਜੀਤ ਕੌਰ, ਰਜਵੰਤ ਕੌਰ, ਪਰਮਜੀਤ ਕੌਰ, ਸ਼ੈਲਜਾ ਕੌਰ ਆਦਿ ਵੱਲੋਂ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਵਾਲਿਆਂ ਲਈ ਦਿਲਚਸਪ ਇਨਾਮ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ, ਜਦਕਿ ਬੁਲਾਰਿਆਂ ਨੂੰ ਸੰਗਤਾਂ ਵਲੋਂ ਪੁੱਛੇ ਗਏ ਸਵਾਲਾਂ ’ਚੋਂ ਆਕਰਸ਼ਕ ਅਤੇ ਦਿਲਚਸਪ ਸਵਾਲ ਦੀ ਚੋਣ ਕਰਕੇ ਸਬੰਧਤ ਵਿਅਕਤੀ ਵਿਸ਼ੇਸ਼ ਦਾ ਵੀ ਸਨਮਾਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਡਾ. ਸਰਬਜੀਤ ਸਿੰਘ ਰੇਣੂਕਾ ਨੇ ਆਖਿਆ ਕਿ ਮੁਸ਼ਕਿਲਾਂ, ਸਮੱਸਿਆਵਾਂ, ਚੁਣੌਤੀਆਂ ਅਤੇ ਪ੍ਰੇਸ਼ਾਨੀਆਂ ਦੁੱਖ-ਸੁੱਖ ਅਰਥਾਤ ਕੱਪੜੇ ਬਦਲਣ ਦੀ ਤਰਾਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਹਨ ਪਰ ਜੇਕਰ ਆਪਾ ਚੀਨਣ ਅਰਥਾਤ ਸਵੈ-ਪੜਚੋਲ ਕੀਤੀ ਜਾਵੇ ਤਾਂ ਕਈ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਨੂੰ ਅਸੀਂ ਖੁਦ ਦੂਰ ਕਰਨ ਦੇ ਸਮਰੱਥ ਹਾਂ।
ਉਹਨਾਂ ਹਰ ਸਮੱਸਿਆ ਦਾ ਹੱਲ ਆਪਣੇ ਅੰਦਰੋਂ ਲੱਭਣ, ਹਾਸਾ ਅਤੇ ਖੇੜਾ ਬਿਖੇਰਨ ਦੇ ਅਨੇਕਾਂ ਨੁਕਤੇ ਸਾਂਝੇ ਕਰਦਿਆਂ ਆਖਿਆ ਕਿ ਸਾਡੇ ਜੀਵਨ ਦੇ ਰਹਿਣ ਢੰਗ ਵਿੱਚ ਸਹਿਜ, ਸੰਜਮ, ਸੰਤੋਖ, ਧੀਰਜ, ਸ਼ਹਿਣਸ਼ੀਲਤਾ, ਨਿਮਰਤਾ ਅਤੇ ਖਿਮਾ ਜਾਚਣਾ ਵਾਲੇ ਗੁਣ ਸ਼ਾਮਲ ਕਰਨੇ ਚਾਹੀਦੇ ਹਨ। ਡਾਕਟਰ ਰੇਣੂਕਾ ਨੇ ਆਪਣੀ ਨਿੱਜੀ ਜਿੰਦਗੀ ਅਤੇ ਦੋਸਤਾਂ ਨਾਲ ਵਾਪਰੀਆਂ ਘਰੇਲੂ ਘਟਨਾਵਾਂ ਦੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਕਈ ਵਾਰ ਮਾਮੂਲੀ ਗੱਲ ਦਾ ਅਸੀਂ ਪਹਾੜ ਬਣਾ ਬੈਠਦੇ ਹਾਂ ਪਰ ਜੇਕਰ ਸਮਾਂ ਸੰਭਾਲਣਾ ਹੋਵੇ ਤਾਂ ਬਹੁਤ ਵੱਡੀ ਅਤੇ ਉਲਝੀ ਹੋਈ ਤਾਣੀ ਨੂੰ ਵੀ ਸੁਲਝਾਇਆ ਜਾ ਸਕਦਾ ਹੈ। ਕੋਆਰਡੀਨੇਟਰ ਜਗਜੀਤ ਸਿੰਘ ਰਾਜੂ ਅਤੇ ਕੋ-ਕੋਆਰਡੀਨੇਟਰ ਚਮਕੌਰ ਸਿੰਘ ਸਮੇਤ ਰਣਜੀਤ ਸਿੰਘ ਖੱਚੜਾਂ ਅਤੇ ਨਵਨੀਤ ਸਿੰਘ ਮੁਤਾਬਿਕ ਬੀਬਾ ਗੁਰਲੀਨ ਕੌਰ ਵੱਲੋਂ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਪੁੱਛੇ ਗਏ ਪ੍ਰਸ਼ਨਾ ਦਾ ਡਾ. ਅਵੀਨਿੰਦਰਪਾਲ ਸਿੰਘ ਨੇ ਵਿਸਥਾਰ ਕੀਤਾ।
ਉਹਨਾਂ ਦੱਸਿਆ ਕਿ ਪਰਿਵਾਰਕ ਸਮੱਸਿਆਵਾਂ ਅਤੇ ਵਧੀਆ ਪ੍ਰਸ਼ਨ ਪੁੱਛਣ ਵਾਲਿਆਂ ਨੂੰ 10 ਦਿਲਕਸ਼ ਅਤੇ ਆਕਰਸ਼ਕ ਇਨਾਮ ਦਿੱਤੇ ਗਏ, ਜਦਕਿ ਸੁਖਮਨੀ ਸਾਹਿਬ ਦੇ ਪੁੱਛੇ ਗਏ ਪ੍ਰਸ਼ਨਾ ਦਾ ਸਹੀ ਜਵਾਬ ਦੇਣ ਵਾਲਿਆਂ ’ਚੋਂ ਵੀ 10 ਦੀ ਚੋਣ ਕਰਕੇ ਗੁਰਦਰਸ਼ਨ ਸਿੰਘ ਕਾਲਜੀਏਟ ਟੇਲਰਜ਼ ਵੱਲੋਂ ਸਪਾਂਸਰ ਕੀਤੇ ਗਏ ਬਰਾਂਡਡ ਕੰਪਨੀ ਦੇ ਪੈਂਟ-ਸ਼ਰਟ ਵਾਲੇ ਤੋਹਫੇ ਇਨਾਮ ਦੇ ਰੂਪ ਵਿੱਚ ਭੇਂਟ ਕੀਤੇ ਗਏ। ਜਗਮੋਹਨ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ‘ਲੱਕੀ ਡਰਾਅ’ ਵੀ ਕੱਢੇ ਗਏ।
ਉਹਨਾ ਦੱਸਿਆ ਕਿ ਸੇਵਾਦਾਰ ਲਖਵਿੰਦਰ ਸਿੰਘ ਵੱਲੋਂ ‘ਆਨੰਦਮਈ ਪਰਿਵਾਰਕ ਜੀਵਨ’ ਦੇ ਤਿਆਰ ਕੀਤੇ ਗਏ ਸੈਲਫੀ ਪੁਆਂਇੰਟ ਦਾ ਵੀ ਵੀਰ/ਭੈਣਾ, ਬੱਚਿਆਂ ਅਤੇ ਬਜੁਰਗਾਂ ਨੇ ਖੂਬ ਲਾਹਾ ਲਿਆ। ਇਸਤਰੀ ਵਿੰਗ ਦੀ ਅਨੁਸ਼ਾਸ਼ਨ ਦੀ ਸੇਵਾ ਅਤੇ ਯੂਥ ਵਿੰਗ ਵੱਲੋਂ ਤਿਆਰ ਕੀਤੇ ਲੰਗਰ ਦੀਆਂ ਨਿਭਾਈਆਂ ਸੇਵਾਵਾਂ ਦੀ ਵੀ ਭਰਪੂਰ ਪ੍ਰਸੰਸਾ ਕੀਤੀ ਗਈ। ਅੰਤ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਡਾ. ਸਰਬਜੀਤ ਸਿੰਘ ਰੇਣੂਕਾ, ਸ੍ਰ. ਗੁਰਬੀਰ ਸਿੰਘ ਅਤੇ ਸ੍ਰ. ਜਸਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।