ਸੜਕ ਕਿਨਾਰਿਆਂ ਤੇ ਰਹਿਣ ਵਾਲੇ ਪ੍ਰਵਾਸੀ ਮਜਦੂਰਾਂ ਕਾਰਨ ਹੋ ਰਹੇ ਹਨ ਹਾਦਸੇ- ਮਨਦੀਪ ਸਿੰਘ ਮਿੰਟੂ ਗਿੱਲ
ਫਰੀਦਕੋਟ, 13 ਅਕਤੂਬਰ (ਪੰਜਾਬ ਡਾਇਰੀ)- ਆਮ ਆਦਮੀ ਪਾਰਟੀ ਕੋਟਕਪੂਰਾ ਦੇ ਸੀਨੀਅਰ ਆਗੂ ਤੇ ਸਾਬਕਾ ਸਬ ਇੰਸਪੈਕਟਰ ਮਨਦੀਪ ਸਿੰਘ ਮਿੰਟੂ ਗਿੱਲ ਨੇ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਪ੍ਰਵਾਸ ਕਰਕੇ ਪੰਜਾਬ ਦੇ ਵਿੱਚ ਆ ਰਹੇ ਹਨ, ਬੇਸ਼ਕ ਉਹ ਪੰਜਾਬ ਦੀ ਆਰਥਿਕਤਾ ਦੇ ਵਿੱਚ ਇੱਕ ਵਡੇਰਾ ਰੋਲ ਨਿਭਾ ਰਹੇ ਨੇ ਪਰ ਉਹਨਾਂ ਵਿੱਚੋਂ ਬਹੁਤ ਸਾਰੇ ਸੜਕਾਂ ਦੇ ਕਿਨਾਰਿਆਂ ਤੇ ਜਨਤਕ ਥਾਵਾਂ ਨੂੰ ਰਹਿਣ ਲਈ ਅਪਣਾਉਂਦੇ ਹਨ। ਜਿਸ ਕਰਕੇ ਸੜਕਾਂ ਦੇ ਕਿਨਾਰਿਆਂ ਤੇ ਬਹੁਤ ਸਾਰੇ ਹਾਦਸੇ ਹੋ ਰਹੇ ਹਨ ਤੇ ਨਾਲ ਹੀ ਪੰਜਾਬ ਦੇ ਸ਼ਹਿਰਾਂ ਦੀ ਸਾਫ ਸਫਾਈ ਪ੍ਰਭਾਵਿਤ ਹੋਈ ਹੈ।
ਉਹਨਾਂ ਕੋਟਕਪੂਰੇ ਦੀ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਕੋਟਕਪੂਰਾ ਦੇ ਬਠਿੰਡਾ ਰੋਡ ਉੱਪਰ ਨਵੀਂ ਦਾਣਾ ਮੰਡੀ ਦੇ ਨਾਲ ਬਹੁਤ ਸਾਰੀ ਝੁੱਗੀ ਝੋਪੜੀ ਹੈ ਤੇ ਉਹਨਾਂ ਦੇ ਕੱਚੇ ਘਰ ਬਣੇ ਹੋਏ ਹਨ। ਉਹਨਾਂ ਦੇ ਬੱਚੇ ਹਰ ਸਮੇਂ ਮੇਨ ਰੋਡ ਉੱਤੇ ਖੇਡਦੇ ਨਜ਼ਰ ਆਉਂਦੇ ਹਨ ਜਿਸ ਕਰਕੇ ਕਿਸੇ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਬਿਜਲੀ ਵਿਭਾਗ ਉਹਨਾਂ ਨੂੰ ਬਿਨਾ ਮੀਟਰ ਤੋ ਨਿਰਵਿਗਨ ਸਪਲਾਈ ਦੇ ਰਿਹਾ ਹੈ। ਉਹਨਾਂ ਐਕਸੀਅਨ ਕੋਟਕਪੂਰਾ ਨੂੰ ਸਖਤੀ ਨਾਲ ਕਿਹਾ ਕਿ ਇਹਨਾਂ ਦੀ ਸਪਲਾਈ ਤੁਰੰਤ ਕੱਟੀ ਜਾਵੇ।
ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਸੜਕਾਂ ਦੇ ਕਿਨਾਰੇ ਜਨਤਕ ਥਾਵਾਂ ਅਤੇ ਦਾਣਾ ਮੰਡੀਆਂ ਦੇ ਵਿੱਚ ਘਰ ਬਣਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਇਸ ਨਾਲ ਪੰਜਾਬ ਦਾ ਸਮਾਜਿਕ ਤਾਣਾ ਬਾਣਾ ਤੇ ਸਾਫ ਸਫਾਈ ਪ੍ਰਭਾਵਿਤ ਹੁੰਦੀ ਹੈ। ਅਗਰ ਸੜਕ ਉੱਪਰ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਇਹ ਲੋਕ ਇਕੱਠੇ ਹੋ ਕੇ ਵਹੀਕਲ ਵਾਲੇ ਦੇ ਮਗਰ ਪੈ ਜਾਂਦੇ ਹਨ ਅਤੇ ਕਈ ਵਾਰੀ ਭੰਨ ਤੋੜ ਵੀ ਕਰਦੇ ਹਨ। ਇਹਨਾਂ ਨੂੰ ਜਾਂ ਤਾਂ ਕਿਰਾਏ ਤੇ ਰਹਿਣਾ ਚਾਹੀਦਾ ਹੈ ਜਾਂ ਆਪਣੇ ਘਰ ਬਣਾ ਲੈਣੇ ਚਾਹੀਦੇ ਹਨ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਸਾਥੀ ਅਜਿਹਾ ਕਰ ਚੁੱਕੇ ਹਨ।