ਅਡਾਨੀ ਨੇ ਕੋਲੇ ਦੀ ਕੀਮਤ ਵਧਾ ਕੇ ਬਿਜਲੀ ਮਹਿੰਗੀ ਕੀਤੀ ਤੇ ਜਨਤਾ ਦੇ 12 ਹਜ਼ਾਰ ਕਰੋੜ ਰੁਪਏ ਚੋਰੀ ਕੀਤੇ: ਰਾਹੁਲ ਗਾਂਧੀ
ਨਵੀਂ ਦਿੱਲੀ, 18 ਅਕਤੂਬਰ (ਰੋਜਾਨਾ ਸਪੋਕਸਮੈਨ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਦੋਸ਼ ਲਗਾਇਆ ਕਿ ਅਡਾਨੀ ਸਮੂਹ ਨੇ ਕੋਲੇ ਦੀ ਦਰਾਮਦ ਦੀ ਕੀਮਤ ਵਧਾ ਕੇ 12 ਹਜ਼ਾਰ ਕਰੋੜ ਰੁਪਏ ਦੀਆਂ ਬੇਨਿਯਮੀਆਂ ਕੀਤੀਆਂ ਹਨ ਅਤੇ ਇਹ ਪੈਸਾ ਜਨਤਾ ਦੀ ਜੇਬ ਵਿਚੋਂ ਕੱਢਿਆ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਿਵੇਂ ਹੀ ਤੁਸੀਂ ਘਰ ਵਿਚ ਪੱਖੇ ਜਾਂ ਬਲਬ ਦਾ ਬਟਨ ਦਬਾਉਂਦੇ ਹੋ ਤਾਂ ਸਿੱਧੇ ਅਡਾਨੀ ਦੀ ਜੇਬ ਵਿਚ ਪੈਸੇ ਜਾਂਦੇ ਹਨ।
ਬ੍ਰਿਟਿਸ਼ ਅਖਬਾਰ ‘ਫਾਈਨੈਂਸ਼ੀਅਲ ਟਾਈਮਜ਼’ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ, ਕਾਂਗਰਸ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸੰਦਰਭ ਵਿਚ ‘ਮਦਦ ਕਰਨਾ ਚਾਹੁੰਦੇ ਹਨ’ ਕਿ ਪ੍ਰਧਾਨ ਮੰਤਰੀ ਅਡਾਨੀ ਸਮੂਹ ਦੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਅਪਣੀ ਭਰੋਸੇਯੋਗਤਾ ਬਚਾਉਣ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਅਡਾਨੀ ਨੇ ਇੰਡੋਨੇਸ਼ੀਆ ਤੋਂ ਕੋਲਾ ਦਰਾਮਦ ਕੀਤਾ ਹੈ ਅਤੇ ਕੀਮਤ ਵਧਾ ਕੇ 12,000 ਕਰੋੜ ਰੁਪਏ ਦੀ ਚੋਰੀ ਕੀਤੀ ਹੈ… ਇਹ ਪੈਸਾ ਦੇਸ਼ ਦੇ ਲੋਕਾਂ ਦੀਆਂ ਜੇਬਾਂ ‘ਚੋਂ ਗਿਆ ਹੈ।” ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਜੀ ਜੀ ਅਡਾਨੀ ਸਮੂਹ ਵਿਰੁਧ ਜਾਂਚ ਕਿਉਂ ਨਹੀਂ ਕਰਦੇ?
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ਕਾਰਨ ਪ੍ਰਧਾਨ ਮੰਤਰੀ ਮੋਦੀ ਦੀ ਭਰੋਸੇਯੋਗਤਾ ਪ੍ਰਭਾਵਤ ਹੋ ਰਹੀ ਹੈ। ਉਨ੍ਹਾਂ ਕਿਹਾ, ”ਮੈਂ ਪ੍ਰਧਾਨ ਮੰਤਰੀ ਦੀ ਮਦਦ ਕਰਨਾ ਚਾਹੁੰਦਾ ਹਾਂ। ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਅਪਣੀ ਭਰੋਸੇਯੋਗਤਾ ਬਚਾਉਣ”।
ਰਾਹੁਲ ਗਾਂਧੀ ਦੇ ਦੋਸ਼ਾਂ ‘ਤੇ ਅਡਾਨੀ ਗਰੁੱਪ ਵਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਅਮਰੀਕੀ ਕੰਪਨੀ ‘ਹਿੰਡਨਬਰਗ ਰਿਸਰਚ’ ਵਲੋਂ ਅਡਾਨੀ ਗਰੁੱਪ ‘ਤੇ ‘ਬੇਨਿਯਮੀਆਂ’ ਅਤੇ ਸਟਾਕ ਦੀਆਂ ਕੀਮਤਾਂ ‘ਚ ਹੇਰਾਫੇਰੀ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਕਾਂਗਰਸ ਲਗਾਤਾਰ ਵਪਾਰਕ ਸਮੂਹ ‘ਤੇ ਹਮਲੇ ਕਰ ਰਹੀ ਹੈ ਅਤੇ ਇਲਜ਼ਾਮਾਂ ਦੀ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ। ਅਡਾਨੀ ਸਮੂਹ ਨੇ ਹਿੰਡਨਬਰਗ ਰੀਪੋਰਟ ਵਿਚ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਤਰਫੋਂ ਕੋਈ ਗਲਤ ਕੰਮ ਨਹੀਂ ਹੋਇਆ ਹੈ।