ਕੁਹਾੜੀ ਤੇ ਤਲਵਾਰਾਂ ਨਾਲ ਵੱਢਿਆ ਨੌਜਵਾਨ
ਬਠਿੰਡਾ, 23 ਅਕਤੂਬਰ (ਰੋਜਾਨਾ ਸਪੋਕਸਮੈਨ)- ਬਠਿੰਡਾ ਦੀ ਧੋਬੀਆਣਾ ਬਸਤੀ ‘ਚ ਰੰਜਿਸ਼ ਦੇ ਚੱਲਦਿਆਂ ਕੁਝ ਨੌਜਵਾਨਾਂ ਨੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਸਹਾਰਾ ਜਨਸੇਵਾ ਹਮਲੇ ਵਿਚ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਲੈ ਕੇ ਗਈ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦੀ ਪਛਾਣ 24 ਸਾਲਾ ਕਾਕੂ ਵਾਸੀ ਚੰਦਸਰ ਬਸਤੀ ਵਜੋਂ ਹੋਈ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਾਣਕਾਰ ਗੱਗੂ ਨੇ ਦੱਸਿਆ ਕਿ ਐਤਵਾਰ ਸ਼ਾਮ ਕਰੀਬ 7 ਵਜੇ ਕਾਕੂ ਕਿਸੇ ਵਿਅਕਤੀ ਨੂੰ ਨੰਬਰ ਦੇ ਰਿਹਾ ਸੀ। ਇਸ ਦੌਰਾਨ 7-8 ਨੌਜਵਾਨ ਜਿਨ੍ਹਾਂ ਕੋਲ ਕੁਹਾੜੀ, ਤਲਵਾਰ ਆਦਿ ਹਥਿਆਰ ਸਨ। ਉਨ੍ਹਾਂ ਨੇ ਆਉਂਦਿਆਂ ਹੀ ਕਾਕੂ ‘ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਵੱਢ ਦਿਤਾ। ਦੱਸਿਆ ਜਾ ਰਿਹਾ ਹੈ ਕਿ ਰੰਜਿਸ਼ ਕਾਰਨ ਦੋਸ਼ੀਆਂ ਨੇ ਕਾਕੂ ‘ਤੇ ਹਮਲਾ ਕੀਤਾ ਸੀ।
ਸਹਾਰਾ ਜਨਸੇਵਾ ਦੇ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਜਦੋਂ ਉਸ ਨੇ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਹੋਣ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।