ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ‘ਚ ਮੋਦੀ ਸਰਕਾਰ, ਪੁਰਾਣਾ ਵਿਆਹ ਲੁਕਾ ਕੇ ਸਬੰਧ ਬਣਾਉਣ ‘ਤੇ ਮਿਲੇਗੀ 10 ਸਾਲ ਦੀ ਸਜ਼ਾ
ਨਵੀਂ ਦਿੱਲੀ, 27 ਅਕਤੂਬਰ (ਡੇਲੀ ਪੋਸਟ ਪੰਜਾਬੀ)- ਪਹਿਲਾਂ ਤੋਂ ਵਿਆਹੁਤਾ ਹੋਣ ਦੀ ਜਾਣਕਾਰੀ ਜਾਂ ਫਿਰ ਆਪਣੀ ਅਸਲੀ ਪਛਾਣ ਲੁਕਾ ਕੇ ਕਿਸੇ ਔਰਤ ਨਾਲ ਵਿਆਹ ਕਰਨਾ ਜਾਂ ਸਬੰਧ ਬਣਾਉਣਾ ਭਾਰਤੀ ਦੰਡਾਵਲੀ ਮੁਤਾਬਕ ਅਪਰਾਧ ਹੋਵੇਗਾ। ਭਾਰਤੀ ਦੰਡਾਵਲੀ ਦੀ ਧਾਰਾ 69 ਅਨੁਸਾਰ ਅਜਿਹਾ ਕਰਨਾ ਧੋਖਾਧੜੀ ਮੰਨਿਆ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਾਨੂੰਨੀ ਮਾਮਲਿਆਂ ਦੇ ਸੰਸਦੀ ਪੈਨਲ ਨੇ ਇਸ ਸਬੰਧੀ ਇਕ ਰਿਪੋਰਟ ਤਿਆਰ ਕੀਤੀ ਹੈ ਤੇ ਇਸ ਨੂੰ ਲੈ ਕੇ ਇਕ ਨਵਾਂ ਕਾਨੂੰਨ ਬਣ ਸਕਦਾ ਹੈ। ਇਸ ਮੁਤਾਬਕ ਜੇਕਰ ਕੋਈ ਸ਼ਖਸ ਵਿਆਹ ਕਰਨ ਲਈ ਪਛਾਣ ਲੁਕਾਉਂਦਾ ਹੈ ਜਾਂ ਫਿਰ ਸਬੰਧ ਬਣਾਉਣ ਲਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਬਲਾਤ.ਕਾਰ ਨਹੀਂ ਮੰਨਿਆ ਜਾਵੇਗਾ ਪਰ ਧੋਖਾ ਮੰਨਿਆ ਜਾਵੇਗਾ।
ਇਸ ਸੈਕਸ਼ਨ ਵਿਚ ਸਾਫ ਕੀਤਾ ਗਿਆ ਹੈ ਕਿ ਰੋਜ਼ਗਾਰ ਦੇਣ, ਪ੍ਰਮੋਸ਼ਨ ਜਾਂ ਫਿਰ ਵਿਆਹ ਦਾ ਵਾਅਦਾ ਕਰਦੇ ਹੋਏ ਪਛਾਣ ਲੁਕਾ ਕੇ ਵਿਆਹ ਕਰਨਾ ਧੋਖਾ ਮੰਨਿਆ ਜਾਵੇਗਾ। ਪਿਛਲੇ ਕੁਝ ਸਾਲਾਂ ਵਿਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਦੋਂ ਲੋਕਾਂ ਨੇ ਆਪਣੇ ਵਿਆਹੁਤਾ ਹੋਣ ਦੀ ਗੱਲ ਲੁਕਾ ਕੇ ਕਿਸੇ ਮਹਿਲਾ ਨਾਲ ਵਿਆਹ ਕਰ ਲਿਆ। ਇਸ ਤੋਂ ਇਲਾਵਾ ਮਜ੍ਹਬ ਲੁਕਾਕੇ ਵਿਆਹ ਕਰਨ ਦੇ ਵੀ ਮਾਮਲੇ ਸਾਹਮਣੇ ਆਉਂਦੇ ਰਹੇ ਹਨ।
ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਪਛਾਣ ਲੁਕਾ ਕੇ ਵਿਆਹ ਕਰਨ ਨੂੰ ਅਪਰਾਧ ਮੰਨਦੇ ਵੱਖ ਤੋਂ ਕੇਸ ਚਲਾਇਆ ਜਾਵੇਗਾ। ਹੁਣ ਇਸ ‘ਤੇ ਕਾਨੂੰਨ ਬਣਨ ਨਾਲ ਸਪੱਸ਼ਟ ਹੋਵੇਗਾ ਕਿ ਅਜਿਹੇ ਮਾਮਲਿਆਂ ਵਿਚ ਕਿਸ ਤਰ੍ਹਾਂ ਤੋਂ ਐਕਸ਼ਨ ਲਿਆ ਜਾਵੇ।