ਸਰਕਾਰ ਨੇ 830 ਪੋਸਟਾਂ ਕੀਤੀਆਂ ਖ਼ਤਮ, ਮਨੀਸਟੀਰੀਅਲ ਸਟਾਫ਼ ਦੀਆਂ 298 ਪੋਸਟਾਂ ਖ਼ਤਮ
ਚੰਡੀਗੜ੍ਹ, 3 ਨਵੰਬਰ (ਰੋਜਾਨਾ ਸਪੋਕਸਮੈਨ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਹੁਣ ਤੱਕ 37,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਪਰ ਹੁਣ ਇਸ ਦੇ ਨਾਲ ਹੀ ਹੁਣ ਸਰਕਾਰ ਨੇ 830 ਪੋਸਟਾਂ ਖ਼ਤਮ ਵੀ ਕਰ ਦਿੱਤੀਆਂ ਹਨ ਜਿਸ ਨੂੰ ਲੈ ਕੇ ਸਿਆਸਤ ਭਖ ਗਈ ਹੈ। ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 830 ਪੋਸਟਾਂ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਕਾਰਨ ਹੁਣ ਤੋਂ ਬਾਅਦ ਇਨ੍ਹਾਂ 830 ਪੋਸਟਾਂ ਲਈ ਕੋਈ ਵੀ ਭਰਤੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਕਿਸੇ ਦੀ ਤੈਨਾਤੀ ਕੀਤੀ ਜਾਵੇਗੀ।
ਖ਼ਾਸ ਗੱਲ ਇਹ ਹੈ ਕਿ ਇਹ 830 ਪੋਸਟਾਂ ਪੰਜਾਬ ਸਰਕਾਰ ਦੇ ਕਿਸੇ ਆਮ ਵਿਭਾਗ ਦੀਆਂ ਨਹੀਂ ਸਗੋਂ 298 ਪੋਸਟਾਂ ਮਨੀਸਟੀਰੀਅਲ ਸਟਾਫ਼ ਅਤੇ 532 ਤਕਨੀਕੀ ਸਟਾਫ਼ ਦੀਆਂ ਪੋਸਟਾਂ ਹਨ। ਇਨ੍ਹਾਂ ਪੋਸਟਾਂ ਵਿਚ ਸੀਨੀਅਰ ਡਾਕਟਰ ਤੋਂ ਲੈ ਕੇ ਫਾਰਮਾਸਿਸਟ ਅਤੇ ਕਲਰਕ ਤੋਂ ਲੈ ਕੇ ਪੁਲਿਸ ਕਾਂਸਟੇਬਲ ਤੱਕ ਸ਼ਾਮਲ ਹਨ। ਸਰਕਾਰ ਦੇ ਫ਼ੈਸਲੇ ਅਨੁਸਾਰ ਕੁੱਲ 101 ਕੈਟਾਗਿਰੀ ਵਿਚ ਪੋਸਟਾਂ ਨੂੰ ਖ਼ਤਮ ਕੀਤਾ ਗਿਆ ਹੈ, ਇਨ੍ਹਾਂ ਵਿਚ ਕਲਰਕ ਦੀਆਂ ਪੋਸਟਾਂ ਸਭ ਤੋਂ ਜ਼ਿਆਦਾ ਹਨ, ਜਦੋਂ ਕਿ ਬਾਕੀ ਪੋਸਟਾਂ ਦੀ ਗਿਣਤੀ 1 ਤੋਂ ਲੈ ਕੇ 15 ਤੱਕ ਹੈ।
ਪੰਜਾਬ ਸਰਕਾਰ ਵੱਲੋਂ 31 ਅਕਤੂਬਰ 2023 ਨੂੰ ਨੋਟੀਫਿਕੇਸ਼ਨ ਨੰਬਰ 8/27/2019-14/240 ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਜ਼ਾਹਰ ਕੀਤਾ ਗਿਆ ਹੈ ਕਿ ਇਹ ਪੋਸਟਾਂ ਕਾਫ਼ੀ ਸਮੇਂ ਤੋਂ ਖਾਲੀ ਪਈਆਂ ਸਨ ਅਤੇ ਇਨ੍ਹਾਂ ਪੋਸਟਾਂ ਨੂੰ ਭਵਿੱਖ ਲਈ ਜਾਰੀ ਨਹੀਂ ਰੱਖਿਆ ਜਾਵੇਗਾ। ਭਾਵ ਇਨ੍ਹਾਂ ਪੋਸਟਾਂ ਲਈ ਹੁਣ ਤੋਂ ਬਾਅਦ ਕੋਈ ਵੀ ਭਰਤੀ ਨਹੀਂ ਕੀਤੀ ਜਾਵੇਗੀ।