ਭਾਰਤ ਕੋ ਜਾਨੋਂ ਕੁਇਜ਼ ਮੁਕਾਬਲੇ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਅੱਵਲ
ਫਰੀਦਕੋਟ, 3 ਨਵੰਬਰ (ਪੰਜਾਬ ਡਾਇਰੀ)- ਬੀਤੇਂ ਦਿਨੀਂ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਭਾਰਤ ਕੋ ਜਾਨੋ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸੀਨੀਅਰ ਅਤੇ ਜੂਨੀਅਰ ਵਰਗ ਦੇ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੀ ਦੋਨਾਂ ਵਰਗ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਪੇਸ਼ ਕਰਦੇ ਹੋਏ ਜੂਨੀਅਰ ਵਰਗ ਨੇ ਪਹਿਲਾ ਸਥਾਨ ਅਤੇ ਸੀਨੀਅਰ ਵਰਗ ਨੇ ਦੂਸਰਾ ਸਥਾਨ ਹਾਸਿਲ ਕੀਤਾ। ਅਦਾਰੇ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਜੂਨੀਅਰ ਵਰਗ ਅੱਗੇ ਸਟੇਟ ਪੱਧਰ ਤੇ ਹਿੱਸਾ ਲੈਣ ਜਾ ਰਹੀ ਹੈ। ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਹੋਰ ਵੀ ਕਰੜੀ ਮਿਹਨਤ ਕਰਨ ਦੇ ਲਈ ਪ੍ਰੇਰਿਆ ਤੇ ਕਿਹਾ ਕਿ ਸਾਨੂੰ ਆਪਣੀਆਂ ਕਮੀਆਂ ਤੋਂ ਸਿੱਖਦੇ ਹੋਏ ਅੱਗੇ ਵਧਣ ਦੇ ਲਈ ਦ੍ਰਿੜ ਇਰਾਦਾ ਕਰਨਾ ਚਾਹੀਦਾ ਹੈ। ਅਦਾਰੇ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੇ ਵੀ ਇਹਨਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਹੋਰ ਉਚੇਰੀਆਂ ਪ੍ਰਾਪਤੀਆਂ ਹਾਸਲ ਕਰਨ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਹੀ ਅੱਗੇ ਵਧਣਾ ਚਾਹੀਦਾ ਹੈ। ਉੱਚੀ ਸੋਚ ਅਤੇ ਆਸ਼ਾਵਾਦੀ ਰਹਿਣ ਵਾਲਾ ਵਿਅਕਤੀ ਹੀ ਆਪਣੀ ਜ਼ਿੰਦਗੀ ਦੇ ਹਰ ਮੁਕਾਮ ਨੂੰ ਹਾਸਲ ਕਰ ਸਕਦਾ ਹੈ।